ਚੇਅਰਮੈਨ ਘੁੱਲੀ ਵੱਲੋਂ ਸੜਕ ਦਾ ਉਦਘਾਟਨ
ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 15 ਨਵੰਬਰ
ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਇੰਚਾਰਜ ਅੰਮ੍ਰਿਤ ਬਰਾੜ ਵੱਲੋਂ ਧੂਰੀ ਪਿੰਡ ਤੋਂ ਅਨਾਜ ਮੰਡੀ ਨੂੰ ਜਾਂਦੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਘੁੱਲੀ ਨੇ ਕਿਹਾ ਲੰਮੇ ਸਮੇਂ ਤੋਂ ਇਸ ਸੜਕ ਦਾ ਕੰਮ ਰੁਕਿਆ ਪਿਆ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਕਰੀਬ 9 ਲੱਖ ਰੁਪਏ ਖਰਚ ਕਰਨ ਦੇ ਨਾਲ-ਨਾਲ ਅਨਾਜ ਮੰਡੀ ਵਿੱਚ ਰਹਿੰਦੇ ਕੰਮ ਜਲਦ ਪੂਰੇ ਕਰ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਅਨਾਜ ਮੰਡੀ ਵਿੱਚ ਕਿਸਾਨਾਂ ਲਈ ਕਿਸਾਨ ਭਵਨ ਬਣਾਉਣ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਮੰਡੀ ਵਿੱਚ ਕਿਸਾਨਾਂ ਦੀ ਫ਼ਸਲ ਸਮੇਂ ਸਿਰ ਚੁੱਕ ਕੇ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਅਰਸ਼ਦੀਪ ਸਿੰਘ ਪੂਨੀਆ, ਅਵਤਾਰ ਸਿੰਘ ਢਿੱਲੋਂ, ਜਗਤਾਰ ਸਿੰਘ ਘੁਮਾਣ, ਭੁਪਿੰਦਰ ਸਿੰਘ ਸਰਪੰਚ ਤੇ ਤਲਵਿੰਦਰ ਸਿੰਘ ਮੰਡੇਰ ਵੀ ਹਾਜ਼ਰ ਸਨ।