ਚੇਨ ਝਪਟਣ ਵਾਲੀਆਂ ਔਰਤਾਂ ਦਾ ਚਾਰ-ਰੋਜ਼ਾ ਪੁਲੀਸ ਰਿਮਾਂਡ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੁਲਾਈ
ਐੱਸ.ਪੀ ਡੀ ਹਰਮੀਤ ਸਿੰਘ ਹੁੰਦਲ ਦੀ ਨਿਗਰਾਨੀ ਤੇ ਡੀ.ਐੱਸ.ਪੀ ਡੀ ਕ੍ਰਿਸ਼ਨ ਕੁਮਾਰ ਪਾਂਥੇ ਦੀ ਅਗਵਾਈ ਹੇਠ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਗ੍ਰਿ੍ਰਫਤਾਰ ਕੀਤੀਆਂ ਗਈਆਂ ਅੰਤਰਰਾਜੀ ਚੇਨ ਸਨੈਚਰ ਗਰੋਹ ਦੀਆਂ ਤਿੰਨ ਮਹਿਲਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ’ਤੇ ਚਾਰ ਦਨਿਾਂ ਦਾ ਪੁਲੀਸ ਰਿਮਾਂਡ ਮਿਲਿਆ ਹੈ। ਇਸ ਦੌਰਾਨ ਪੁਲੀਸ ਇਨ੍ਹਾਂ ਤੋਂ ਹੋਰਨਾਂ ਵਾਰਦਾਤਾਂ ਸਮੇਤ ਫਰਾਰ ਹੋਏ ਦੋ ਮੁਲਜ਼ਮਾਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।
ਇਨ੍ਹਾਂ ਮਹਿਲਾ ਮੁਲਜ਼ਮਾਂ ਵਿੱਚ ਲੱਛਮੀ ਉਰਫ਼ ਲੱਛੋ ਵਾਸੀ ਲਗੜੋਈ ਥਾਣਾ ਪਸਿਆਣਾ, ਰੂਪਾ ਉਰਫ਼ ਸੀਲੋ ਵਾਸੀ ਮੁਰਾਦਪੁਰ ਥਾਣਾ ਸਮਾਣਾ ਅਤੇ ਕਰਮਜੀਤ ਕੌਰ ਕਾਕੀ ਵਾਸੀ ਜੌਲ਼ੀਆਂ ਥਾਣਾ ਭਵਾਨੀਗੜ੍ਹ ਦੇ ਨਾਮ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਤਿੰਨ ਰਾਜਾਂ ਵਿੱਚ ਕ੍ਰਮਵਾਰ 59, 29 ਅਤੇ 4 ਕੇਸ ਹਨ। ਜਦਕਿ ਗ੍ਰਿਫਤਾਰੀ ਮੌਕੇ ਫਰਾਰ ਹੋਈ ਦੱਸੀ ਜਾਂਦੀ ਸੱਤਿਆ ਵਾਸੀ ਲਗੜੋਈ ਖ਼ਿਲਾਫ਼ 33 ਅਤੇ ਮਨਪ੍ਰੀਤ ਸਿੰਘ ਮਨੀ ਵਾਸੀ ਸੂਲਰ ਦੇ ਖ਼ਿਲਾਫ਼ ਵੀ ਚਾਰ ਕੇਸ ਦੱਸੇ ਗਏ ਹਨ। ਪੁਲੀਸ ਮੁਤਾਬਿਕ ਗ੍ਰਿਫਤਾਰੀ ਮੌਕੇ ਇਨ੍ਹਾਂ ਨੇ ਮਾਰਨ ਦੀ ਨੀਯਤ ਨਾਲ਼ ਪੁਲੀਸ ਮੁਲਾਜ਼ਮਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਸਬੰਧੀ ਖ਼ਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।