ਚੜੂਨੀ ਵੱਲੋਂ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ , 11 ਨਵੰਬਰ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਇੱਥੇ ਸ੍ਰੀ ਭਵਾਨੀ ਮੰਦਰ ਚੀਕਾ ਵਿੱਚ ਮੀਟਿੰਗ ਦੌਰਾਨ 23 ਨਵੰਬਰ ਨੂੰ ਪੀਪਲੀ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਦੌਰਾਨ ਗੁਰਨਾਮ ਸਿੰਘ ਨੇ ਕਿਹਾ ਕਿ ਅਗਲੀ ਚੋਣ ਜਾਤੀਵਾਦ ਦੇ ਆਧਾਰ ’ਤੇ ਨਹੀਂ ਸਗੋਂ ਆਰਥਿਕ ਆਧਾਰ ’ਤੇ ਲੜੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰ ਕੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ ਇਸ ਲਈ ਵੋਟ ਦੀ ਚੋਟ ਰਾਹੀਂ ਸਰਕਾਰ ਨੂੰ ਜਵਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਰੋਸ ਮੁਜ਼ਾਹਰਿਆਂ ਅਤੇ ਮੈਮੋਰੈਂਡਮ ਦੀ ਭਾਸ਼ਾ ਨਹੀਂ ਸਮਝਦੀ। ਜਦੋਂ ਸੜਕਾਂ ਜਾਮ ਹੁੰਦੀਆਂ ਹਨ ਤਾਂ ਸਰਕਾਰ ਦੀ ਨੀਂਦ ਖੁੱਲ੍ਹਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪੁਲੀਸ ਦੀਆਂ ਡਾਂਗਾਂ ਖਾਣ ਅਤੇ ਜੇਲ੍ਹ ਜਾਣ ਤੋੋਂ ਬਿਲਕੁਲ ਵੀ ਨਾ ਡਰਨ। ਉਨ੍ਹਾਂ ਸਰਕਾਰ ’ਤੇ ਕਿਸਾਨ ਵਿਰੋਧੀ ਨੀਤੀਆਂ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਨੇ 23 ਨਵੰਬਰ ਨੂੰ ਕੁਰੂਕਸ਼ੇਤਰ ਦੇ ਪੀਪਲੀ ਵਿੱਚ ਹੋਣ ਵਾਲੀ ਜਨ ਆਕਰੋਸ਼ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਰੈਲੀ ਕਿਸਾਨਾਂ ਦੀ ਕਿਸਮਤ ਤੈਅ ਕਰੇਗੀ। ਭਾਰਤੀ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਚਮਕੌਰ ਸਿੰਘ ਬਨੇੜਾ ਨੇ ਦੱਸਿਆ ਦੀ ਗੂਹਲਾ ਹਲਕੇ ਤੋਂ ਵੱਡੀ ਗਿਣਤੀ ਕਿਸਾਨ ਪੀਪਲੀ ਰੈਲੀ ਵਿੱਚ ਹਿੱਸਾ ਲੈਣ ਜਾਣਗੇ। ਇਸ ਮੌਕੇ ਸੁਭਾਸ਼ ਭਾਗਲ, ਜ਼ਿਲ੍ਹਾ ਪ੍ਰਧਾਨ ਮਹਾਵੀਰ ਚਹਿਲ , ਯੁਵਾ ਰਾਜ ਪ੍ਰਧਾਨ ਵਿਕਰਮ ਕਸਾਨਾ, ਕੇਵਲ ਸਿੰਘ, ਨਰੇਂਦਰ ਚੱਕੂ ਅਤੇ ਜਰਨੈਲ ਸਿੰਘ ਜੈਲੀ ਨੇ ਵੀ ਸੰਬੋਧਨ ਕੀਤਾ।