ਚੱਬੇਵਾਲ: ਪਿਓ ਵੱਲੋਂ ਛੱਡੀ ਸੀਟ ’ਤੇ ਪੁੱਤ ਦਾ ਕਬਜ਼ਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਨਵੰਬਰ
ਜ਼ਿਮਨੀ ਚੋਣ ’ਚ ਚੱਬੇਵਾਲ ਹਲਕੇ ਤੋਂ ਵਿਧਾਇਕ ਚੁਣੇ ਗਏ ‘ਆਪ’ ਉਮੀਦਵਾਰ ਡਾ. ਇਸ਼ਾਂਕ ਕੁਮਾਰ ਨੇ ਇਸ ਜਿੱਤ ਨੂੰ ਪਾਰਟੀਆਂ ਦੀਆਂ ਨੀਤੀਆਂ ਅਤੇ ਵਿਕਾਸ ’ਤੇ ਮੋਹਰ ਕਰਾਰ ਦਿੱਤਾ ਹੈ। ਚੱਬੇਵਾਲ ਅਸੈਂਬਲੀ ਹਲਕੇ ਤੋਂ ‘ਆਪ’ ਉਮੀਦਵਾਰ ਡਾ. ਇਸ਼ਾਂਕ ਕੁਮਾਰ 28,690 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ। ਚੱਬੇਵਾਲ ਦੀ ਅਸੈਂਬਲੀ ਸੀਟ ਵਿਧਾਇਕ ਡਾ. ਰਾਜ ਕੁਮਾਰ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈ ਸੀ। ਨਤੀਜਿਆਂ ਮੁਤਾਬਕ ਡਾ. ਇਸ਼ਾਂਕ ਨੂੰ 51,904 ਵੋਟਾਂ ਪਈਆਂ ਜਦੋਂਕਿ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 23,214 ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 8,692 ਵੋਟਾਂ, ਸਮਾਜ ਭਲਾਈ ਮੋਰਚੇ ਦੇ ਉਮੀਦਵਾਰ ਦਵਿੰਦਰ ਕੁਮਾਰ ਸਰੋਆ ਨੂੰ 307, ਆਜ਼ਾਦ ਉਮੀਦਵਾਰ ਦਵਿੰਦਰ ਸਿੰਘ ਖੇੜਾ ਨੂੰ 226 ਤੇ ਰੋਹਿਤ ਕੁਮਾਰ ਨੂੰ 176 ਵੋਟਾਂ ਹਾਸਲ ਹੋਈਆਂ। ਜਦਕਿ 884 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।
ਲੰਘੀ 20 ਨਵੰਬਰ ਨੂੰ ਹੋਈ ਵੋਟਿੰਗ ਦੌਰਾਨ 53.43 ਫ਼ੀਸਦੀ ਵੋਟਾਂ ਪਈਆਂ ਜੋ ਬਾਕੀ ਵਿਧਾਨ ਸਭਾ ਹਲਕਿਆਂ ਤੋਂ ਸਭ ਤੋਂ ਘੱਟ ਸਨ ਪਰ ‘ਆਪ’ ਉਮੀਦਵਾਰ ਸਭ ਤੋਂ ਵੱਡੇ ਫ਼ਰਕ ਨਾਲ ਜਿੱਤਿਆ ਹੈ, ਜਿਨ੍ਹਾਂ ਨੂੰ 60 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਪਈਆਂ। ਜਿੱਤ ਤੋਂ ਬਾਅਦ ਡਾ. ਇਸ਼ਾਂਕ ਨੇ ਕਿਹਾ ਕਿ ਲੋਕਾਂ ਨੇ ‘ਆਪ’ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ’ਤੇ ਮੋਹਰ ਲਾਈ ਹੈ। ਉਨ੍ਹਾਂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਹਲਕੇ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਤੋਂ ਪਹਿਲਾਂ ਜਿੱਤ ਦਾ ਐਲਾਨ ਹੁੰਦੇ ਸਾਰ ਹੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਗਿਣਤੀ ਕੇਂਦਰ ਦੇ ਬਾਹਰ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਡਾ. ਰਾਜ ਕੁਮਾਰ ਦੇ ਘਰ ਵੀ ਜਸ਼ਨ ਵਰਗਾ ਮਾਹੌਲ ਬਣਿਆ ਰਿਹਾ।
ਵੋਟਰਾਂ ਨੇ ਵਿਰੋਧੀਆਂ ਦਾ ਕੂੜ ਪ੍ਰਚਾਰ ਨਕਾਰਿਆ: ਰਾਜ ਕੁਮਾਰ
ਸੰਸਦ ਮੈਂਬਰ ਡਾ. ਰਾਜ ਕੁਮਾਰ ਨੇ ਕਿਹਾ ਕਿ ਵੋਟਰਾਂ ਨੇ ਇਕ ਵਾਰ ਫ਼ਿਰ ਉਨ੍ਹਾਂ ’ਤੇ ਵਿਸ਼ਵਾਸ ਜਤਾਇਆ ਹੈ ਤੇ ਵਿਰੋਧੀ ਪਾਰਟੀਆਂ ਵਲੋਂ ਕੂੜ ਪ੍ਰਚਾਰ ਦੇ ਬਾਵਜੂਦ ਉਨ੍ਹਾਂ ਦੇ ਬੇਟੇ ਇਸ਼ਾਂਕ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਨਤੀਜਿਆਂ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਫ਼ੇਲ ਕਰ ਦਿੱਤਾ ਹੈ। ਦੂਜੇ ਪਾਸੇ ਚੋਣ ਹਾਰੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੇ ਡਾ. ਇਸ਼ਾਂਕ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਉਹ ਹਲਕਾ ਵਾਸੀਆਂ ਦੀ ਸੇਵਾ ’ਚ ਹਾਜ਼ਰ ਰਹਿਣਗੇ।