ਚਾਬਹਾਰ ਬੰਦਰਗਾਹ ਦਾ ਪੂਰੇ ਖੇਤਰ ਨੂੰ ਲਾਭ ਹੋਵੇਗਾ: ਜੈਸ਼ੰਕਰ
ਕੋਲਕਾਤਾ, 15 ਮਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਚਾਬਹਾਰ ਬੰਦਰਗਾਹ ਤੋਂ ਪੂਰੇ ਖੇਤਰ ਨੂੰ ਲਾਭ ਹੋਵੇਗਾ ਤੇ ਇਸ ਨੂੰ ਲੈ ਕੇ ਤੰਗ ਸੋਚ ਨਹੀਂ ਰੱਖਣੀ ਚਾਹੀਦੀ। ਇਸ ਤੋਂ ਪਹਿਲਾਂ ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਇਰਾਨ ਨਾਲ ਵਪਾਰਕ ਸਮਝੌਤੇ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਪਾਬੰਦੀਆਂ ਦਾ ਖਤਰਾ ਹੈ। ਜੈਸ਼ੰਕਰ ਨੇ ਲੰਘੀ ਰਾਤ ਕੋਲਕਾਤਾ ’ਚ ਇਸ ਸਮਾਗਮ ਦੌਰਾਨ ਕਿਹਾ ਕਿ ਅਤੀਤ ਵਿੱਚ ਅਮਰੀਕਾ ਵੀ ਇਸ ਗੱਲ ਨੂੰ ਮੰਨ ਚੁੱਕਾ ਹੈ ਕਿ ਚਾਬਹਾਰ ਬੰਦਰਗਾਹ ਦੀ ਵੱਡੀ ਅਹਿਮੀਅਤ ਹੈ। ਭਾਰਤ ਨੇ ਲੰਘੇ ਸੋਮਵਾਰ ਕੂਟਨੀਤਕ ਪੱਖ ਤੋਂ ਅਹਿਮ ਇਰਾਨ ਦੀ ਚਾਬਹਾਰ ਬੰਦਰਗਾਹ ਨੂੰ ਚਲਾਉਣ ਲਈ 10 ਸਾਲਾ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਜਿਸ ਨਾਲ ਨਵੀਂ ਦਿੱਲੀ ਨੂੰ ਮੱਧ ਏਸ਼ੀਆ ਨਾਲ ਵਪਾਰ ਵਧਾਉਣ ’ਚ ਮਦਦ ਮਿਲੇਗੀ। ਜੈਸ਼ੰਕਰ ਨੇ ਕਿਹਾ, ‘ਚਾਬਹਾਰ ਨਾਲ ਸਾਡਾ ਪੁਰਾਣਾ ਰਿਸ਼ਤਾ ਰਿਹਾ ਹੈ ਪਰ ਅਸੀਂ ਕਦੀ ਲੰਮੇ ਸਮੇਂ ਦੇ ਸਮਝੌਤੇ ’ਤੇ ਦਸਤਖ਼ਤ ਨਹੀਂ ਕਰ ਸਕੇ। ਇਸ ਦੀ ਵਜ੍ਹਾ ਕਈ ਸਮੱਸਿਆਵਾਂ ਸਨ। ਅਖੀਰ ਅਸੀਂ ਇਨ੍ਹਾਂ ਨੂੰ ਸੁਲਝਾਉਣ ’ਚ ਸਫਲ ਰਹੇ ਤੇ ਲੰਮੇ ਸਮੇਂ ਦਾ ਸਮਝੌਤਾ ਕਰ ਸਕੇ।’ ਅਮਰੀਕਾ ਵੱਲੋਂ ਬੀਤੇ ਦਿਨ ਕੀਤੀ ਟਿੱਪਣੀ ਦੇ ਸੰਦਰਭ ਵਿੱਚ ਜੈਸ਼ੰਕਰ ਨੇ ਕਿਹਾ, ‘ਮੈਂ ਕੁਝ ਬਿਆਨ ਦੇਖੇ ਹਨ ਪਰ ਮੇਰਾ ਮੰਨਣਾ ਹੈ ਕਿ ਇਹ ਲੋਕਾਂ ਨੂੰ ਦੱਸਣ ਤੇ ਸਮਝਾਉਣ ਦਾ ਸਵਾਲ ਹੈ ਕਿ ਇਹ ਅਸਲ ਵਿੱਚ ਸਾਰਿਆਂ ਦੇ ਫਾਇਦੇ ਲਈ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ’ਤੇ ਲੋਕਾਂ ਨੂੰ ਤੰਗ ਸੋਚ ਰੱਖਣੀ ਚਾਹੀਦੀ ਹੈ।’ -ਪੀਟੀਆਈ