ਅੱਠ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੱਤ ਦੇ ਸਰਟੀਫਿਕੇਟ ਸੌਂਪੇ
ਬੀਰਬਲ ਰਿਸ਼ੀ
ਸ਼ੇਰਪੁਰ, 21 ਅਕਤੂਬਰ
ਰਿਟਰਨਿੰਗ ਅਫ਼ਸਰ ਨੇ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਜ ਪਿੰਡ ਮਾਹਮਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਜਿੱਤ ਦੇ ਸਰਟੀਫਿਕੇਟ ਸੌਂਪੇ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਸਰਟੀਫਿਕੇਟ ਵੰਡਣ ਦੀਆਂ ਦਿੱਤੀਆਂ ਹਦਾਇਤਾਂ ਨੂੰ ਸਮਝਣ ਵਿੱਚ ਪਏ ਭੁਲੇਖੇ ਕਾਰਨ ਜਿੱਤ ਦੇ ਸਰਟੀਫਿਕੇਟ ਵੰਡੇ ਜਾਣ ਵਿੱਚ ਨਿਰਧਾਰਤ ਤੋਂ ਪੰਜ ਦਿਨਾਂ ਦੀ ਦੇਰੀ ਹੋਈ ਹੈ।
ਰਿਟਰਨਿੰਗ ਅਫ਼ਸਰ ਯਾਦਵਿੰਦਰ ਸਿੰਘ, ਟੀਮ ਮੈਂਬਰ ਕੁਲਵੰਤ ਸਿੰਘ, ਸੰਦੀਪ ਰਿਖੀ ਤੇ ਹੋਰਨਾਂ ਨੇ ਰਸਮੀ ਤੌਰ ’ਤੇ ਸਰਟੀਫਿਕੇਟਾਂ ਦੀ ਵੰਡ ਕੀਤੀ। ਅੱਠ ਪਿੰਡਾਂ ਵਿੱਚ ਸੁਮਾਰ ਪਿੰਡ ਫ਼ਤਹਿਗੜ੍ਹ ਪੰਜਗਰਾਈਆਂ, ਟਿੱਬਾ, ਗੁਰਬਖ਼ਸਪੁਰਾ, ਬੜੀ, ਰਾਮਨਗਰ ਛੰਨਾ, ਵਜ਼ੀਦਪੁਰ ਬਧੇਸ਼ਾ, ਗੋਬਿੰਦਪੁਰਾ ਆਦਿ ਤੋਂ ਆਏ ਸਰਪੰਚਾਂ ਤੇ ਪੰਚਾਂ ਨੂੰ ਮੇਜਬਾਨ ਪਿੰਡ ਮਾਹਮਦਪੁਰ ਦੇ ਸਰਪੰਚ ਗੁਰਮੀਤ ਸਿੰਘ ਸੰਧੂ ਨੇ ਜੀ ਆਇਆਂ ਆਖਿਆ ਅਤੇ ਚੋਣਵੇਂ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਪਲੇਠੀ ਇਕੱਤਰਤਾ ਦੌਰਾਨ ਰਵਾਇਤੀ ਆਓ ਭਗਤ ਵੀ ਕੀਤੀ। ਇਸ ਮੌਕੇ ਯੂਥ ਕਲੱਬ ਦੇ ਸਾਬਕਾ ਪ੍ਰਧਾਨ ਗੁਰਜੰਟ ਸਿੰਘ ਗੁਬਖ਼ਸਪੁਰਾ, ਸਾਬਕਾ ਸਰਪੰਚ ਗੁਰਮੀਤ ਸਿੰਘ ਫੌਜੀ, ਪੰਚ ਬਲਜੀਤ ਕੌਰ ਆਦਿ ਵੀ ਹਾਜ਼ਰ ਸਨ।