ਕੋਰਸ ਪੂਰਾ ਹੋਣ ’ਤੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਪੱਤਰ ਪ੍ਰੇਰਕ
ਮਾਨਸਾ, 15 ਜਨਵਰੀ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐੱਲ) ਵੱਲੋਂ ਪੇਂਡੂ ਨੌਜਵਾਨਾਂ ਤੇ ਬੱਚਿਆਂ ਵਿੱਚ ਕੰਪਿਊਟਰ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਰਾਏਪੁਰ ਵਿਖੇ ਖੋਲ੍ਹੇ ਗਏ ਕੰਪਿਊਟਰ ਸ਼ਾਖਰਤਾ ਕੇਂਦਰ ਵਿੱਚ 85 ਤੋਂ ਵੱਧ ਬੱਚਿਆਂ ਨੇ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ 6 ਮਹੀਨਿਆਂ ਦਾ ਕੋਰਸ ਪੂਰਾ ਕੀਤਾ ਹੈ। ਪ੍ਰਬੰਧਕਾਂ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਪਿੰਡ ਰਾਏਪੁਰ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੰਪਿਊਟਰ ਸੈਂਟਰ ਖੁੱਲ੍ਹਣ ਨਾਲ ਨੇੜਲੇ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਖੇ 3 ਮਹੀਨੇ ਦੇ ਸਰਟੀਫਿਕੇਟ ਕੋਰਸ ਤੋਂ ਲੈ ਕੇ 6 ਮਹੀਨਿਆਂ ਦੇ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕੋਰਸ ਤੱਕ ਵੱਖ-ਵੱਖ ਕੰਪਿਊਟਰ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ਾਖਰਤਾ ਨਾਲ ਨੌਜਵਾਨਾਂ ਨੂੰ ਇੱਕ ਡਿਜੀਟਲ ਭਵਿੱਖ ਲਈ ਤਿਆਰ ਕਰਨ ਵਿੱਚ ਇੱਕ ਲੰਬਾ ਸਫ਼ਰ ਤੈਅ ਕਰੇਗਾ।
ਮੁੱਖ ਸੰਚਾਨਲ ਅਧਿਕਾਰੀ ਪੰਕਜ ਸ਼ਰਮਾ ਨੇ ਦੱਸਿਆ ਕਿ ਟੀਐੱਸਪੀਐੱਲ ਇੱਕ ਸਫ਼ਲ ਭਵਿੱਖ ਲਈ ਨੌਜਵਾਨਾਂ ਅਤੇ ਬੱਚਿਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।