ਜੈਵਿਕ ਖੇਤੀ ਸਕੂਲ ਵੱਲੋਂ ਸਰਟੀਫਿਕੇਟ ਕੋਰਸ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਅਕਤੂਬਰ
ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ ਵੱਲੋਂ ਕਰਵਾਇਆ ਗਿਆ 21 ਰੋਜ਼ਾ ਸਰਟੀਫਿਕੇਟ ਕੋਰਸ ਸਮਾਪਤ ਹੋ ਗਿਆ। ਇਹ ਕੋਰਸ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਜਿਸ ਵਿੱਚ 55 ਭਾਗੀਦਾਰ ਸ਼ਾਮਲ ਹੋਏ। ਇਸ ਕੋਰਸ ਦੌਰਾਨ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਹੱਥੀਂ ਸਿਖਲਾਈ ਸਮੇਤ ਬਹੁਤੀ ਸਿਧਾਂਤਕ ਜਾਣਕਾਰੀ ਦਿੱਤੀ ਗਈ। ਸਮਾਪਤੀ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਜੈਵਿਕ ਖੇਤੀ ਤਰੀਕਿਆਂ ਵਿੱਚ ਕਿਸਾਨਾਂ ਨੂੰ ਸਿਖਲਾਈ ਦੇਣ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ। ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਸਵਾਗਤੀ ਸ਼ਬਦ ਬੋਲਦਿਆਂ ਜੈਵਿਕ ਖੇਤੀ ਤਰੀਕਿਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਉੱਪਰ ਚਾਨਣਾ ਵੀ ਪਾਇਆ। ਸਿਖਿਆਰਥੀਆਂ ਨੂੰ ਜੈਵਿਕ ਖੇਤੀ ਦੀ ਸਰਟੀਫਿਕੇਸ਼ਨ, ਜ਼ਰੂਰੀ ਨਿਯਮਾਂ, ਰਿਕਾਰਡ ਰੱਖਣ ਅਤੇ ਲਾਜ਼ਮੀ ਮਿਆਰ ਬਰਕਰਾਰ ਰੱਖ ਕੇ ਕੌਮੀ ਅਤੇ ਕੌਮਾਂਤਰੀ ਮੰਡੀ ਅਨੁਸਾਰ ਪ੍ਰਮਾਣੀਕਰਨ ਦੇ ਤਰੀਕੇ ਦੱਸੇ ਗਏ। ਇਸ ਕੋਰਸ ਨੇ ਮੁੱਲਵਾਧੇ ਦੀਆਂ ਤਕਨੀਕਾਂ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਜੈਵਿਕ ਉਤਪਾਦਾਂ ਦੇ ਨਾਲ ਮੰਡੀਕਰਨ ਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਵਜਿੰਦਰਪਾਲ ਕਾਲੜਾ ਨੇ ਭਾਗ ਲੈਣ ਵਾਲਿਆਂ ਨੂੰ ਜੈਵਿਕ ਉਤਪਾਦਾਂ ਦੇ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਸਮਝਾਈ। ਡਾ. ਨੀਰਜ ਰਾਣੀ ਨੇ ਸਥਿਰ ਫ਼ਸਲ ਉਤਪਾਦਨ ਤਕਨੀਕਾਂ ਦੇ ਨਾਲ ਜੈਵਿਕ ਉਤਪਾਦਨ ਤਰੀਕਿਆਂ ਦੀ ਗੱਲ ਕੀਤੀ। ਡਾ. ਮਨੀਸ਼ਾ ਠਾਕੁਰ ਨੇ ਜੈਵਿਕ ਸਬਜ਼ੀ ਉਤਪਾਦ ਬਾਰੇ ਨੁਕਤੇ ਸਾਂਝੇ ਕੀਤੇ। ਅਖੀਰ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ।