ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁੁਧਿਆਣਾ, 16 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਵੱਖ ਵੱਖ ਥਾਵਾਂ ਤੇ ਸਮਾਗਮ ਹੋਏ ਜਿਨ੍ਹਾਂ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਵਿਸ਼ਨੂ ਗਣੇਸ਼ ਪਿੰਗਲੇ ਤਾਲੇਗਾੳਂ ਪੂਨਾ, ਸੁਰੈਣ ਸਿੰਘ ਪੁੱਤਰ ਬੂਰ ਸਿੰਘਗਿੱਲਵਾਲੀ ਅੰਮ੍ਰਿਤਸਰ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿੱਲਵਾਲੀ ਅੰਮ੍ਰਿਤਸਰ, ਬਖਸ਼ੀਸ਼ ਸਿੰਘ ਗਿੱਲਵਾਲੀ ਅੰਮ੍ਰਿਤਸਰ, ਜਗਤ ਸਿੰਘ ਸੁਰਸਿੰਘ ਅੰਮ੍ਰਿਤਸਰ ਅਤੇ ਹਰਨਾਮ ਸਿੰਘ ਭੱਟੀ ਗੋਰਾਇਆ ਸਿਆਲਕੋਟ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਭਾਈ ਬਾਲਾ ਚੌਕ ਵਿੱਖੇ ਸਮਾਗਮ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਮੰਗ ਕੀਤੀ ਕਿ ਇਸ ਦਿਨ ਨੂੰ ਸਰਕਾਰੀ ਤੌਰ ਤੇ 16 ਨਵੰਬਰ ਦੇ ਸ਼ਹੀਦਾਂ ਦੀ ਸਮੂਹ ਸ਼ਰਧਾਂਜਲੀ ਵਜੋਂ ਮਨਾਇਆ ਜਾਏ। ਕਰਤਾਰ ਸਿੰਘ ਸਰਾਭਾ ਨੇ ਬਹੁਤ ਹੀ ਕੋਮਲ ਉਮਰ ਵਿੱਚ ਅੰਗਰੇਜ਼ ਸਾਮਰਾਜਵਾਦ ਵਿਰੁੱਧ ਅਣਥੱਕ ਲੜਾਈ ਲੜੀ ਅਤੇ ਉਨ੍ਹਾਂ ਦੇ ਜ਼ੁਲਮਾਂ ਅਤੇ ਤਾਨਾਸ਼ਾਹੀਆਂ ਅੱਗੇ ਨਹੀਂ ਝੁਕਿਆ। ਇਸ ਮੌਕੇ ਡੀਪੀ ਮੌੜ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਇਸ ਵੇਲੇ ਦੇਸ਼ ਦੀ ਆਰਥਿਕ ਸਥਿਤੀ ਬਹੁਤ ਗੰਭੀਰ ਹੈ। ਭੁੱਖਮਰੀ ਸੂਚਕ ਅੰਕ ਵਿੱਚ ਭਾਰਤ ਦਾ ਦਰਜਾ 125 ਦੇਸ਼ਾਂ ਵਿੱਚੋਂ 111 ਹੈ। ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਕਜੁੱਟ ਹੋਣ ਦਾ ਸਮਾਂ ਆ ਗਿਆ ਹੈ। ਕਾਮਰੇਡ ਚਰਨ ਸਿੰਘ ਸਰਾਭਾ, ਰਮੇਸ਼ ਰਤਨ, ਚਮਕੌਰ ਸਿੰਘ, ਮਨਿੰਦਰ ਸਿੰਘ ਭਾਟੀਆ, ਡਾ ਗੁਲਜ਼ਾਰ ਪੰਧੇਰ, ਕੇਵਲ ਸਿੰਘ ਬਨਵੈਤ, ਵਜਿੈ ਕੁਮਾਰ ਅਤੇ ਗੁਰਮੇਲ ਸਿੰਘ ਮੈਲਡੇ ਨੇ ਵੀ ਸੰਬੋਧਨ ਕੀਤਾ।
ਸ਼ਹੀਦ ਸਰਾਭਾ ਮਾਨਵ ਕੱਦ ਬੁੱਤ ਲਗਾਉਣ ਦੀ ਮੰਗ
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਗਿੱਲ ਰੋਡ ਵਿੱਖੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਮਾਰਕੀਟ ਦੇ ਸਮੂਹ ਮੈਂਬਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਆਪਣੀ ਸ਼ਹਾਦਤ ਦੇਕੇ ਨਿਵੇਕਲੀ ਪਛਾਣ ਸਥਾਪਤ ਕੀਤੀ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਗਿੱਲ ਰੋਡ ਸਥਿੱਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿੱਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਮਾਨਵ ਕੱਦ ਬੁੱਤ ਲਗਾਇਆ ਜਾਵੇ। ਇਸ ਮੌਕੇ ਰਜਿੰਦਰ ਸਿੰਘ ਡੰਗ, ਅਸ਼ਵਨੀ ਮਲਹੋਤਰਾ, ਦਮਨਦੀਪ ਸਿੰਘ ਸਲੂਜਾ, ਸੁਰਜੀਤ ਸਿੰਘ ਮਠਾੜੂ, ਜਰਨੈਲ ਸਿੰਘ ਖੇੜਾ, ਜਤਿੰਦਰ ਸਿੰਘ ਬੌਬੀ, ਰਾਜੀਵ ਬਾਂਸਲ, ਐਡਵੋਕੇਟ ਹਰਕਮਲ ਸਿੰਘ, ਪ੍ਰਿਤਪਾਲ ਸਿੰਘ ਡੰਗ, ਜਸਵਿੰਦਰ ਸਿੰਘ ਲਾਡੂ ਅਤੇ ਅਸ਼ੋਕ ਚੁੱਗ ਵੀ ਹਾਜ਼ਰ ਸਨ।
ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹੀਦ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ

ਲੁਧਿਆਣਾ(ਸਤਵਿੰਦਰ ਬਸਰਾ): 19 ਸਾਲਾਂ ਦੀ ਛੋਟੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਗਦਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਹਾਰ ਪਾ ਕੇ ਇਨਕਲਾਬੀ ਨਾਅਰੇ ਬੁਲੰਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਅਤੇ ਗਦਰੀ ਬਾਬਾ ਭਾਨ ਸਿੰਘ ਟਰੱਸਟ ਦੇ ਸਕੱਤਰ ਜਸਵੰਤ ਜ਼ੀਰਖ ਨੇ ਕਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ 6 ਹੋਰ ਸਾਥੀਆਂ ਦੀ ਸ਼ਹਾਦਤ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਾ ਸਿਰਫ ਤੇਜ਼ ਕੀਤਾ ਸੀ ਸਗੋਂ ਨੌਜਵਾਨਾਂ ਨੂੰ ਇਸ ਲੜਾਈ ਦਾ ਹਿੱਸਾ ਬਣਨ ਦੀ ਪ੍ਰੇਰਣਾ ਵੀ ਦਿੱਤੀ। ਜਿਸ ਦੀ ਪ੍ਰਤੱਖ ਉਦਾਹਰਨ ਸ਼ਹੀਦ ਭਗਤ ਸਿੰਘ ਸੀ ਜੋ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਉਸੇ ਰਸਤੇ ’ਤੇ ਤੁਰਦੇ ਹੋਏ ਹੱਸਦਿਆਂ-ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ। ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦਾ ਇੱਕ ਅਹਿਮ ਮੈਂਬਰ ਸੀ ਜਿਸ ਨੇ 15 ਸਾਲ ਦੀ ਛੋਟੀ ਉਮਰ ਵਿੱਚ ਗਦਰ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਅਮਰੀਕਾ ਤੋਂ ਡਾਲਰਾਂ ਨੂੰ ਲੱਤ ਮਾਰ ਕੇ ਵਾਪਸ ਦੇਸ਼ ਪਰਤਿਆ ਅਤੇ ਗਦਰ ਪਾਰਟੀ ਲਈ ਅਖਬਾਰ ਕੱਢਣਾ, ਫੌਜੀ ਛਾਉਣੀਆਂ ’ਚ ਬਗਾਵਤ ਲਈ ਮੀਟਿੰਗਾਂ ਕਰਵਾਉਣੀਆਂ ਅਤੇ ਲੋਹਟਬੱਧੀ ਵਿੱਚ ਬੰਬ ਫੈਕਟਰੀ ਲਾਉਣ ਬਾਰੇ ਅਤੇ ਫੰਡ ਇਕੱਤਰ ਕਰਨ ਵਰਗੇ ਕਾਰਜਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ। ਸ਼ਹੀਦ ਸਰਾਭਾ ਦੇ ਸੰਘਰਸ਼ੀ ਜੀਵਨ ਤੋਂ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਲੈਂਦੇ ਹੋਏ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ, ਬੇਰੁਜ਼ਗਾਰੀ, ਨਸ਼ਿਆਂ, ਮਹਿੰਗਾਈ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਦੱਸਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸੈਮੀਨਾਰ ਬਾਬਾ ਭਾਨ ਸਿੰਘ ਯਾਦਗਾਰ, ਸੁਨੇਤ ਵਿੱਚ 19 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਨਰੈਣ ਦੱਤ ਸੂਬਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ।