ਗਦਰੀ ਸ਼ਹੀਦ ਬਾਬਾ ਨਾਭ ਸਿੰਘ ਦੀ ਯਾਦਗਾਰ ’ਤੇ ਸਮਾਗਮ
ਸਤਵਿੰਦਰ ਬਸਰਾ
ਲੁਧਿਆਣਾ, 30 ਸਤੰਬਰ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਥੀਏਟਰ ਗਰੁੱਪ ਰੰਗ ਮੰਚ ਰੰਗ ਨਗਰੀ ਲੁਧਿਆਣਾ, ਦੀ ਟੀਮ ਵੱਲੋਂ ਤਰਲੋਚਨ ਸਿੰਘ ਪਨੇਸਰ ਦੀ ਨਿਰਦੇਸ਼ਨਾਂ ਹੇਠ ਬੀਤੀ ਰਾਤ ਨਾਟਕ ‘ਮੈਂ ਭਗਤ ਸਿੰਘ’ ਦਾ ਸਫਲ ਮੰਚਨ ਕੀਤਾ ਗਿਆ। ਨਾਟਕ ਰਾਹੀਂ ਨੌਜਵਾਨਾਂ ਨੂੰ ਹਲੂਣਾ ਦਿੰਦਿਆਂ ਭਗਤ ਸਿੰਘ ਨੂੰ ਪੜ੍ਹਨ ਅਤੇ ਉਸ ਦੇ ਵਿਚਾਰਾਂ ਨੂੰ ਡੂੰਘਾਈ ਨਾਲ ਸਮਝਣ ਦਾ ਸੰਦੇਸ਼ ਦਿੱਤਾ।
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਨਾਟਕ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਕਿਰਤੀ ਵਰਗ ਦੀ ਹੋ ਰਹੀ ਲੁੱਟ ਨੂੰ ਖਤਮ ਕਰਨ ਲਈ ਰਾਹ ਦਸੇਰਾ ਦੱਸਿਆ। ਉਕਤ ਨਾਟਕ ਵਿੱਚ ਇਕ ਪਿੰਡ ਦੇ ਗਰੀਬ ਪਰਿਵਾਰ ਦੀ ਪਿੰਡ ਦੇ ਸ਼ਾਹੂਕਾਰ ਵੱਲੋਂ ਕੀਤੀ ਜਾ ਰਹੀ ਲੁੱਟ ਅਤੇ ਇਸ ਸਥਿਤੀ ’ਚੋਂ ਬਾਹਰ ਆਉਣ ਲਈ ਲੋੜੀਂਦੀ ਭਗਤ ਸਿੰਘ ਦੀ ਵਿਚਾਰਧਾਰਕ ਸੇਧ ਨੂੰ ਦਰਸਾਇਆ ਗਿਆ। ਸਮਾਗਮ ਦੌਰਾਨ ਬਲਵਿੰਦਰ ਸਿੰਘ, ਕਸਤੂਰੀ ਲਾਲ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਦੀਆਂ ਲੜਕੀਆਂ ਰਾਵਿਤਾ ਅਤੇ ਉਸ ਦੀ ਟੀਮ ਨੇ ਇਨਕਲਾਬੀ ਗੀਤਾਂ ਰਾਹੀਂ ਹਾਜ਼ਰੀ ਲਵਾਈ। ਸਟੇਜ ਸੰਚਾਲਨ ਨੌਜਵਾਨ ਸਭਾ ਦੀ ਆਗੂ ਮੀਨੂ ਸ਼ਰਮਾ ਨੇ ਕੀਤਾ।
ਨਾਟਕ ਖੇਡਣ ਮਗਰੋਂ ਰੰਗ ਮੰਚ ਰੰਗ ਨਗਰੀ ਦੀ ਸਮੁੱਚੀ ਟੀਮ ਨੂੰ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਅਤੇ ਉੱਘੇ ਰੰਗ ਕਰਮੀ ਮਾਸਟਰ ਸੁਰਿੰਦਰ ਸ਼ਰਮਾਂ ਮੁੱਲਾਂਪੁਰ ਨੇ ਸ਼ਹੀਦ ਭਗਤ ਸਿੰਘ ਅਤੇ ਗਦਰੀ ਬਾਬਾ ਭਾਨ ਸਿੰਘ ਦੀ ਕੁਰਬਾਨੀ ਬਾਰੇ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ। ਸਮੁੱਚੇ ਪ੍ਰਬੰਧ ਵਿੱਚ ਐਡਵੋਕੇਟ ਹਰਪ੍ਰੀਤ ਜ਼ੀਰਖ, ਰਾਕੇਸ਼ ਆਜ਼ਾਦ, ਜਗਜੀਤ ਸਿੰਘ, ਅਰੁਣ ਕੁਮਾਰ, ਮਹੇਸ਼ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਇਸ ਸਮੇਂ ਬਹਾਦਰ ਸਿੰਘ ਤੂਰ, ਕਾ ਸੁਰਿੰਦਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ ਹਾਜ਼ਰ ਸਨ।