ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਥਾਪਨਾ ਦੇ 50 ਵਰ੍ਹੇ ਮੁਕੰਮਲ ਹੋਣ ’ਤੇ ਸਮਾਗਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪੀਏਯੂ ਵਿੱਚ ਆਪਣੀ ਸਥਾਪਨਾ ਦੇ 50 ਸਾਲ (1974-2024) ਪੂਰੇ ਕਰ ਲਏ ਹਨ। ਇਸ ਅੱਧੀ ਸਦੀ ਦੀ ਸੇਵਾ ਅਤੇ ਸਮਰਪਣ ਦੀ ਯਾਦ ਵਿੱਚ ‘ਪੰਜਾਬ ਦੀ ਪੁਨਰ-ਸੁਰਜੀਤੀ ’ਚ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾ. ਚਰਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਪੰਜਾਬ ਸਾਹਮਣੇ ਉਭਰਦੀਆਂ ਚੁਣੌਤੀਆਂ ਬਾਰੇ ਦੱਸਿਆ। ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨੇ ਨੌਜਵਾਨਾਂ ਦੇ ਵਿਕਾਸ ਅਤੇ ਤਰੱਕੀ ਲਈ ਮੌਕੇ ਪੈਦਾ ਕਰਨ ਦੀ ਸਖ਼ਤ ਲੋੜ ’ਤੇ ਜ਼ੋਰ ਦਿੱਤਾ। ਪੰਜਾਬ ਦੇ ਨੌਜਵਾਨਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਆਪਣੇ ਨਿੱਜੀ ਤਜ਼ਰਬੇ ਵੀ ਸਾਂਝੇ ਕੀਤੇ। ਉਨ੍ਹਾਂ ਨੌਜਵਾਨ ਭਾਰਤ ਦੇ ਹੁਨਰ ਵਿਕਾਸ ’ਤੇ ਜ਼ੋਰ ਦਿੱਤਾ ਤਾਂ ਜੋ ਜ਼ਮੀਨੀ ਪੱਧਰ ’ਤੇ ਮੌਕੇ ਪੈਦਾ ਕੀਤੇ ਜਾ ਸਕਣ।
ਪ੍ਰਧਾਨਗੀ ਭਾਸ਼ਣ ਵਿੱਚ ਪੀਏਯੂ ਦੇ ਵੀਸੀ ਡਾ. ਸਤਬੀਰ ਸਿੰਘ ਗੋਸਲ ਨੇ ਸਟੱਡੀ ਸਰਕਲ ਦੇ ਮਾਨਵਤਾਵਾਦੀ ਯਤਨਾਂ ਦੀ ਸ਼ਲਾਘਾ ਕੀਤੀ। ਤਰੁਣ ਕਪੂਰ ਨੂੰ ਪੀਏਯੂ ਵਿੱਚ ਸਮਾਜ ਸੇਵਾ ਵਿੱਚ ਯੋਗਦਾਨ ਲਈ ‘ਡਾ. ਦਲੀਪ ਸਿੰਘ ਦੀਪ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਟੱਡੀ ਸਰਕਲ ਟਰੱਸਟ ਦੇ ਚੇਅਰਮੈਨ ਬਲਜੀਤ ਸਿੰਘ ਨੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ’ਤੇ ਜ਼ੋਰ ਦਿੱਤਾ। ਡਾ. ਨਿਰਮਲ ਜੌੜਾ ਨੇ ਇਕੱਤਰਤਾ ਦਾ ਧੰਨਵਾਦ ਕੀਤਾ। ਇਸ ਮੌਕੇ 12 ਨੌਜਵਾਨਾਂ ਨੂੰ ‘ਉਭਰਦੇ ਨੌਜਵਾਨ ਆਗੂ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੱਡੀ ਸਰਕਲ ਦੇ 50 ਸਾਲਾਂ ਦੇ ਸਫ਼ਰ ਨੂੰ ਦਰਸਾਉਂਦੀ ਇੱਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ।