ਸ਼ਹੀਦ ਦੀ ਬਰਸੀ ਮੌਕੇ ਸਕੂਲ ’ਚ ਸਮਾਗਮ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਜੁਲਾਈ
ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਕੰਵਲਜੀਤ ਕੌਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਰੀਫਗੜ੍ਹ ਵਿੱਚ ਸ਼ਹੀਦ ਜਸਵਿੰਦਰ ਸਿੰਘ ਦੀ ਬਰਸੀ ਮੌਕੇ ਕਰਵਾਏ ਗਏ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਦੀ ਫੋਟੋ ’ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਹੀਦ ਦੇ ਪਿਤਾ ਗੁਰਵਿੰਦਰ ਸਿੰਘ ਤੇ ਮਾਤਾ ਅਵਿਨਾਸ਼ ਕੌਰ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਉਪਰੰਤ ਸ਼ਹੀਦ ਜਸਵਿੰਦਰ ਸਿੰਘ ਗਿੱਲ ਦੀ ਬਰਸੀ ਮੌਕੇ ਮਾਤਾ ਦੇ ਨਾਂ ’ਤੇ ਪੌਦਾ ਲਾਇਆ ਗਿਆ। ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਵੀ ਪੌਦੇ ਲਾਉਣ ਲਈ ਪ੍ਰੇਰਿਆ। ਬੂਟੇ ਲਾਉਣ ਤੋਂ ਬਾਅਦ ਸ਼ਹੀਦ ਦੇ ਪਰਿਵਾਰ ਦੇ ਸਹਿਯੋਗ ਨਾਲ ਸਕੂਲ ਵਿੱਚ ਬਣੀ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਾਟਰ ਕੂਲਰ ਤੇ ਕੰਪਿਊਟਰ ਲਾਇਬਰੇਰੀ ਦਾ ਵੀ ਉਦਘਾਟਨ ਕੀਤਾ ਗਿਆ। ਜ਼ਿਲਾ ਪਰਿਸ਼ਦ ਵੱਲੋਂ ਪੰਜ ਲੱਖ ਰੁਪਏ ਦੀ ਰਕਮ ਦਿੱਤੀ ਗਈ ਸੀ। ਇਸ ਰਕਮ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੰਪਿਊਟਰ ਸੈਟ, ਪ੍ਰਿੰਟਰ, ਸਾਊਂਡ ਸਿਸਟਮ ਤੇ ਵਾਟਰ ਕੂਲਰ ਖ਼ਰੀਦਿਆ ਗਿਆ। ਜ਼ਿਲ੍ਹਾ ਪਰਿਸ਼ਦ ਚੇਅਰਮੈਨ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਗੰਦਗੀ ਹੁੰਦੀ ਹੈ ਤੇ ਵਾਤਾਵਰਨ ਗੰਧਲਾ ਹੁੰਦਾ ਹੈ, ਉਥੇ ਬਿਮਾਰੀਆਂ ਆਪਣੇ ਆਪ ਵਧਣ ਲੱਗ ਜਾਂਦੀਆਂ ਹਨ। ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਐੱਸਐੱਸ ਆਹੂਜਾ, ਮੁੱਖ ਲੇਖਾ ਅਫਸਰ ਸਤਿਆ ਭੂਸ਼ਣ, ਪਵਨ ਮਿੱਤਲ, ਸਰਪੰਚ ਸੁਖਵਿੰਦਰ ਸਿੰਘ, ਪ੍ਰਿੰਸੀਪਲ ਤਨੂਪਮ ਸ਼ਰਮਾ ਆਦਿ ਮੌਜੂਦ ਸਨ।