ਗਦਰੀ ਸ਼ਹੀਦਾਂ ਤੇ ਗੁਰੂ ਨਾਨਕ ਦੇਵ ਦੀ ਯਾਦ ਵਿੱਚ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਨਵੰਬਰ
ਇਥੋਂ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿੱਚ ਅੱਜ ਤਿੰਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਾਸ਼ਣ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਨਾਲ ਫਾਂਸੀ ਚੜ੍ਹਨ ਵਾਲੇ ਸ਼ਹੀਦ ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਗਿੱਲਾਂਵਾਲੀ, ਵਿਸ਼ਨੂੰ ਗਣੇਸ਼ ਪਿੰਗਲੇ, ਸੁਰੈਣ ਸਿੰਘ ਛੋਟਾ, ਸੁਰੈਣ ਸਿੰਘ ਵੱਡਾ ਬਾਰੇ ਸੀ। ਸਮਾਗਮ ਦਾ ਪ੍ਰਬੰਧ ਇਨਕਲਾਬੀ ਕੇਂਦਰ ਪੰਜਾਬ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਨਾਲ ਮਿਲ ਕੇ ਕੀਤਾ। ਸਭ ਤੋਂ ਪਹਿਲਾਂ ਸ਼ਹੀਦ ਦੀ ਤਸਵੀਰ ਨੂੰ ਨਾਅਰਿਆਂ ਦੀ ਗੂੰਜ ’ਚ ਫੁੱਲ ਪੱਤੀਆਂ ਭੇਟ ਕਰਨ ਉਪਰੰਤ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਕਲਾਕਾਰ ਰੁਪਿੰਦਰ ਤੇ ਰਜਿੰਦਰ ਨੇ ਸ਼ਹੀਦਾਂ ਨੂੰ ਸਮਰਪਿਤ ਕਵੀਸ਼ਰੀਆਂ ਪੇਸ਼ ਕਰਕੇ ਕ੍ਰਾਂਤੀਕਾਰੀ ਚੇਤਨਾ ਦਾ ਸੰਚਾਰ ਕੀਤਾ। ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਕੁਰਬਾਨੀ ਅਤੇ ਜੀਵਨ ਮਕਸਦ ਬਾਰੇ ਚਾਨਣਾ ਪਾਇਆ। ਉੱਘੇ ਲੋਕਪੱਖੀ ਵਕੀਲ ਹਰਪ੍ਰੀਤ ਜੀਰਖ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਦੇ ਲੋਕ ਵਿਰੋਧੀ ਖਾਸੇ ਦਾ ਤਰਕ ਸਹਿਤ ਪਾਜ ਉਘੇੜਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀਆਂ ਧਾਰਾਵਾਂ ਅਸਲ ’ਚ ਜਨਤਕ ਵਿਰੋਧ ਨੂੰ ਕੁਚਲਣ ਲਈ ਹਨ।
ਪ੍ਰਸਿੱਧ ਚਿੱਤਰਕਾਰ ਜਸਵੰਤ ਸਿੰਘ ਵਲੋਂ ਬਾਬਾ ਨਾਨਕ ਦੇ ਲੰਮੀਆ ਵਾਟਾਂ ਵਾਲੇ ਪੈਰਾਂ ਦੇ ਪਹਿਲੇ ਨੰਬਰ ‘ਤੇ ਆਏ ਚਿੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਬਾ ਨਾਨਕ ਅਸਲ ’ਚ ਕਿਰਤੀ ਕਿਸਾਨ ਸੀ। ਸੱਚ ਦਾ ਪਾਂਧੀ ਸੀ। ਉਨ੍ਹਾਂ ਕਿਹਾ ਕਿ ਘਰ ਬਾਰ ਤਿਆਗ ਕੇ ਮਨੁੱਖਤਾ ਦੀ ਭਲਾਈ ਲਈ ਬਾਬਰਸ਼ਾਹੀ ਨਾਲ ਟੱਕਰ ਲੈਣ ਵਾਲਾ ਬਾਬਾ ਨਾਨਕ ਅਸਲ ’ਚ ਭੁਲਾ ਦਿੱਤਾ ਗਿਆ ਹੈ ਤੇ ਕਰਮਾਂ ਤੇ ਕਿਸਮਤ ਦਾ ਫਲਸਫਾ ਗੁਰਬਾਣੀ ਦੇ ਨਾਂ ’ਤੇ ਵੰਡਿਆ ਜਾ ਰਿਹਾ ਹੈ। ਲੇਖਕ-ਆਲੋਚਕ ਐਚਐਸ ਡਿੰਪਲ ਨੇ ਦੋਹਾਂ ਭਾਸ਼ਣਾਂ ਦੀ ਪ੍ਰੋੜਤਾ ਕਰਦਿਆਂ ਸਮਾਗਮ ਦੀ ਸਫ਼ਲਤਾ ’ਤੇ ਵਧਾਈ ਦਿੱਤੀ।