ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 28 ਜੁਲਾਈ
ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿੱਚ ਮਹੀਨੇ ਦੇ ਅਖੀਰਲੇ ਸ਼ਨਿਚਰਵਾਰ ਲੋਕ ਕਲਾ ਮੰਚ ਦੀ ਟੀਮ ਵੱਲੋਂ ਕੌਮਾਂਤਰੀ ਪ੍ਰਸਿੱਧੀ ਵਾਲੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਲਿਖੇ ਨਾਟਕ ‘ਰਾਹਤ’ ਦੀ ਪੇਸ਼ਕਾਰੀ ਕੀਤੀ ਗਈ।
‘ਸ਼ਹੀਦ ਊਧਮ ਸਿੰਘ ਦੀ ਸ਼ਹਾਦਤ’ ਨੂੰ ਸਮਰਪਿਤ ਨਾਟਕਾਂ ਦੇ ਇਸ ਸਮਾਗਮ ਦਾ ਰਸਮੀ ਉਦਘਾਟਨ ਸਾਹਿਤਕਾਰ ਅਮਰੀਕ ਤਲਵੰਡੀ, ਇੰਜੀਨੀਅਰ ਪ੍ਰਦੀਪ ਲੋਟੇ, ਸਾਬਕਾ ਸਿੱਖਿਆ ਅਧਿਕਾਰੀ ਨਿਰੰਜਨ ਸਿੰਘ, ਗੁਰਜੀਤ ਸਿੰਘ, ਹਰਕੇਸ਼ ਚੌਧਰੀ, ਅੰਜੂ ਚੌਧਰੀ ਅਤੇ ਨੀਰਜਾ ਬਾਂਸਲ ਨੇ ਸਾਂਝੇ ਤੌਰ ’ਤੇ ਕੀਤਾ। ਅਮਰੀਕ ਤਲਵੰਡੀ ਨੇ ਆਪਣੀ ਕਵਿਤਾ ਰਾਹੀਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਨੈਨਾ ਸ਼ਰਮਾ, ਸਾਨੀਆ, ਸਿਮਰਨਦੀਪ ਕੌਰ ਅਤੇ ਪਵਨਦੀਪ ਕੌਰ ਦੀ ਟੀਮ ਨੇ ਧੀਆਂ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਗੀਤ ‘ਚਾਦਰ’ ਉੱਤੇ ਅਧਾਰਿਤ ਕੋਰੀਓਗਰਾਫ਼ੀ ਪੇਸ਼ ਕੀਤੀ।
ਭਾਰਤ ਦੀ ਆਜ਼ਾਦੀ ਦੇ 76 ਸਾਲਾਂ ਦੌਰਾਨ ਸੱਤਾਧਾਰੀਆਂ ਵੱਲੋਂ ਲੋਕਾਂ ਨੂੰ ਰਾਹਤ ਦੀ ਥਾਂ ਮਿਲੇ ਲਾਰਿਆਂ ਉੱਪਰ ਕਮਲਜੀਤ ਮੋਹੀ, ਦੀਪਕ ਰਾਏ, ਅਨਿਲ ਸੇਠੀ, ਕਰਨਵੀਰ ਸਿੰਘ ਤੇ ਨੈਨਾ ਸ਼ਰਮਾ ਦੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਤਿੱਖਾ ਕਟਾਖਸ਼ ਕੀਤਾ ਗਿਆ।
ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇਸ਼ ਦੇ ਲੋਕਾਂ ਦੀ ਏਕਤਾ, ਸਦਭਾਵਨਾ, ਭਾਈਚਾਰੇ ਦਾ ਪ੍ਰਤੀਕ ਹੈ। ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸੁਨੇਹਾ ‘ਦੇਸ਼ ਨੂੰ ਚੱਲੋ’ ਅਧਾਰਿਤ ਕੋਰੀਓਗਰਾਫ਼ੀ ਪੇਸ਼ ਕੀਤੀ ਗਈ।