ਗਿਆਨ ਜਯੋਤੀ ਇੰਸਟੀਚਿਊਟ ’ਚ ਸ਼ਹੀਦਾਂ ਨੂੰ ਸਮਰਪਿਤ ਸਮਾਗਮ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 27 ਜੁਲਾਈ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਤਕਨਾਲੋਜੀ ਫੇਜ਼-2 ਦੇ ਐਨਸੀਸੀ ਵਿੰਗ ਵੱਲੋਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਦੌਰਾਨ ਐਨਸੀਸੀ ਕੈਡਿਟਾਂ ਨੇ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸਕੂਲ, ਰਤਵਾੜਾ ਸਾਹਿਬ ਵਿਖੇ ਮਨਾਏ ਗਏ ਕਾਰਗਿਲ ਵਿਜੇ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲਿਆ।
ਸਮਾਗਮ ਦਾ ਆਗਾਜ਼ ਲੈਫ਼ਟੀਨੈਂਟ ਕਰਨਲ ਅਨੂਪ ਪਠਾਣੀਆ ਨੇ ਸ਼ਹੀਦਾਂ ਦੀ ਯਾਦ ਵਿੱਚ ਮੋਮਬਤੀਆਂ ਜਗਾ ਕੇ ਕੀਤਾ। ਉਪਰੰਤ ਐਨਸੀਸੀ ਕੈਡਿਟਾਂ ਨੇ ਸਲਾਮੀ ਦਿੱਤੀ। ਕਈ ਸਕੂਲਾਂ ਅਤੇ ਕਾਲਜਾਂ ਦੇ ਐਨਸੀਸੀ ਕੈਡਿਟਾਂ, ਐਸੋਸੀਏਟ ਐਨਸੀਸੀ ਅਫ਼ਸਰਾਂ (ਏਐਨਓ), ਕੇਅਰਟੇਕਰ ਅਫ਼ਸਰਾਂ (ਸੀਟੀਓ), ਅਤੇ ਐਨਸੀਸੀ ਸਟਾਫ਼ ਮੈਂਬਰਾਂ ਸ਼ਮੂਲੀਅਤ ਕੀਤੀ। ਗਿਆਨ ਜਯੋਤੀ ਦੇ ਕੈਡਿਟਾਂ ਅਦਿੱਤਿਆ, ਸ਼ਿਵਾਂਗ ਅਤੇ ਬਿਜਨੇਸ਼ ਨੂੰ ਸ਼ਾਨਦਾਰ ਯੋਗਦਾਨ ਲਈ ਬਹਾਦਰੀ ਮੈਡਲਾਂ ਨਾਲ ਸਨਮਾਨਿਆ ਗਿਆ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਡਾਇਰੈਕਟਰ ਡਾ. ਅਨੀਤ ਬੇਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਕਾਰਗਿਲ ਦੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।