‘ਪੰਜਾਬ ਸਰਕਾਰ ਦੀ ਤਜਵੀਜ਼ ਬਾਰੇ ਦੋ ਹਫ਼ਤਿਆਂ ’ਚ ਫੈਸਲਾ ਲਏ ਕੇਂਦਰ’
ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 28 ਅਕਤੂਬਰ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਮਾਲੀ ਮਦਦ ਵਜੋਂ 1200 ਕਰੋੜ ਰੁਪਏ ਦੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਦੀ ਮੰਗ ਉੱਤੇ ਦੋ ਹਫ਼ਤਿਆਂ ਵਿਚ ‘ਵਾਜਬ ਫ਼ੈਸਲਾ’ ਲਏ। ਪੰਜਾਬ ਤੇ ਹਰਿਆਣਾ ਵਿਚ ਝੋਨੇ ਦੀ ਪਰਾਲੀ (ਨਾੜ) ਨੂੰ ਅੱਗ ਲਾਉਣ ਕਰਕੇ ਅਕਤੂਬਰ-ਦਸੰਬਰ ਦੌਰਾਨ ਦਿੱਲੀ-ਐੱੱਨਸੀਆਰ ਗੈਸ ਚੈਂਬਰ ਵਿਚ ਤਬਦੀਲ ਹੋ ਜਾਂਦਾ ਹੈ। ਜਸਟਿਸ ਏਐੱਸ ਓਕਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ 23 ਅਕਤੂਬਰ ਦੇ ਆਪਣੇ ਹੁਕਮਾਂ ਵਿਚ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਤਜਵੀਜ਼ ਉੱਤੇ ਫੌਰੀ ਗੌਰ ਕਰੇ। ਪੰਜਾਬ ਸਰਕਾਰ ਨੇ ਉਦੋਂ ਤਜਵੀਜ਼ ਰੱਖੀ ਸੀ ਕਿ 10 ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਡਰਾਈਵਰਾਂ ਦੇ ਨਾਲ ਟਰੈਕਟਰ ਤੇ ਡੀਜ਼ਲ ਉਪਲਬਧ ਕਰਵਾਉਣ ਲਈ ਵਾਧੂ ਫੰਡ ਰਿਲੀਜ਼ ਕੀਤੇ ਜਾਣ। ਸੁਪਰੀਮ ਕੋਰਟ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਕੇਸ ਦਰਜ ਨਾ ਕਰਨ ਤੇ ਮਹਿਜ਼ ਛੋਟੇ ਜੁਰਮਾਨੇ ਲਾ ਕੇ ਮਾਮਲਾ ਰਫ਼ਾ ਦਫ਼ਾ ਕਰਨ ਲਈ ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਝਾੜਝੰਬ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਜ਼ੋਰ ਦਿੱਤਾ ਸੀ ਕਿ ਕਿਸਾਨਾਂ ਨੂੰ ਸਜ਼ਾਵਾਂ ਦੇਣਾ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਛੋਟੇ ਕਿਸਾਨ ਹਨ, ਜਿਨ੍ਹਾਂ ਨੂੰ ਮਾਲੀ ਮਦਦ ਦਿੱਤੇ ਜਾਣ ਦੀ ਲੋੜ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਸੂਬੇ ਵਿਚ 32 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਂਦ ਹੁੰਦੀ ਹੈ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ ਇਨਸੈਂਟਿਵ ਅਦਾਇਗੀ ਵਜੋਂ 2000 ਕਰੋੜ ਰੁਪਏ ਦੇ ਇਨਸੈਂਟਿਵ ਦੀ ਲੋੜ ਹੈ। ਸੂਬਾ ਸਰਕਾਰ ਨੇ ਹਲਫ਼ਨਾਮੇ ’ਚ ਤਜਵੀਜ਼ ਰੱਖੀ ਸੀ ਕਿ ਪੰਜਾਬ ਤੇ ਦਿੱਲੀ ਸਰਕਾਰਾਂ (ਜਿੱਥੇ ‘ਆਪ’ ਸੱਤਾ ਵਿਚ ਹੈ) ਇਸ ਰਾਸ਼ੀ ਵਿਚ 400-400 ਕਰੋੜ ਰੁਪਏ ਦਾ ਆਪੋ ਆਪਣਾ ਹਿੱਸਾ ਪਾਉਣਗੀਆਂ, ਜਦੋਂਕਿ ਕੇਂਦਰ ਸਰਕਾਰ 1200 ਕਰੋੜ ਰੁਪਏ ਮੁਹੱਈਆ ਕਰੇ। ਸੂਬਾ ਸਰਕਾਰ ਨੇ ਕਿਹਾ ਸੀ ਕਿ ਕਰੌਪ ਰੈਜ਼ੀਡਿਊਲ ਮੈਨੇਜਮੈਂਟ ਮਸ਼ੀਨਾਂ ਮਹਿੰਗੀਆਂ ਹੋਣ ਕਰਕੇ ਛੋਟੇ ਕਿਸਾਨਾਂ ਦੇ ਵੱਸੋਂ ਬਾਹਰੀ ਗੱਲ ਹਨ।
ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ 50 ਫ਼ੀਸਦ ਘਟੀਆਂ
ਚੰਡੀਗੜ੍ਹ: ਪੰਜਾਬ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦ ਕਮੀ ਆਈ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ 15 ਸਤੰਬਰ ਤੋਂ 27 ਅਕਤੂਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ 1,995 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਅੰਕੜਾ 4,059 ਸੀ। ਇਸ ਸਮੇਂ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਸਾਲ 2022 ਮੁਕਾਬਲੇ 75 ਪ੍ਰਤੀਸ਼ਤ ਦੀ ਕਮੀ ਆਈ ਹੈ। ਲੰਘੇ ਐਤਵਾਰ ਨੂੰ ਪੰਜਾਬ ਵਿਚ ਪਰਾਲੀ ਸਾੜਨ ਦੀਆਂ 138 ਘਟਨਾਵਾਂ ਸਾਹਮਣੇ ਆਈਆਂ। ਅੰਕੜਿਆਂ ਮੁਤਾਬਕ ਸਭ ਤੋਂ ਵੱਧ ਘਟਨਾਵਾਂ ਫ਼ਿਰੋਜ਼ਪੁਰ ਵਿਚ ਦੇਖੀਆਂ ਗਈਆਂ ਜਦੋਂਕਿ ਦੂਜੇ ਨੰਬਰ ਉੱਤੇ ਸੰਗਰੂਰ ਤੇ ਤੀਜੇ ਨੰਬਰ ਉੱਤੇ ਫ਼ਤਿਹਗੜ੍ਹ ਸਾਹਿਬ ਸੀ। ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਨਿਘਾਰ ਦਾ ਹਾਲਾਂਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ’ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ। ਕੌਮੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਬਹੁਤ ਮਾੜੀ 355 ਏਕਿਊਆਈ ਦਰਜ ਕੀਤੀ ਗਈ ਹੈ। 31 ਲੱਖ ਹੈਕਟੇਅਰ ਤੋਂ ਵੱਧ ਝੋਨੇ ਦੇ ਰਕਬੇ ਨਾਲ ਪੰਜਾਬ ਸਾਲਾਨਾ 180-200 ਲੱਖ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਕਰਦਾ ਹੈ। -ਪੀਟੀਆਈ