ਪੰਜਾਬ ਦੇ ਮਸਲੇ ਹੱਲ ਕਰਨ ਲਈ ਕੇਂਦਰ ਬਣਦੀ ਭੂਮਿਕਾ ਨਿਭਾਏ: ਸੀਚੇਵਾਲ
ਪੱਤਰ ਪ੍ਰੇਰਕ
ਜਲੰਧਰ, 26 ਮਾਰਚ
ਪੰਜਾਬ ਸਿਰ ਚੜ੍ਹੇ 3 ਲੱਖ 74 ਹਜ਼ਾਰ ਕਰੋੜ ਦੀ ਗੂੰਜ ਅੱਜ ਸੰਸਦ ਵਿੱਚ ਪੈਂਦੀ ਰਹੀ। ਜ਼ੀਰੋ ਆਵਰ ਦੌਰਾਨ ਆਰਥਿਕ ਸੰਕਟ ਵਿੱਚ ਘਿਰੇ ਪੰਜਾਬ ਦੇ ਮਸਲਿਆਂ ਨੂੰ ਉਠਾਉਂਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਗਿਣਿਆ ਜਾਣ ਵਾਲਾ ਪੰਜਾਬ ਫਾਡੀ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਜਿਹੜੀ ਭੂਮਿਕਾ ਕੇਂਦਰ ਸਰਕਾਰ ਦੀ ਬਣਦੀ ਹੈ, ਉਹ ਪਹਿਲ ਦੇ ਅਧਾਰ ’ਤੇ ਨਿਭਾਈ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਤੇ ਖੇਤੀਬਾੜੀ ਵਿੱਚ ਆਏ ਇਸ ਸੰਕਟ ਨੂੰ ਦੇਖਦਿਆਂ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਚੜ੍ਹੇ ਕਰਜ਼ੇ ’ਤੇ ਲੀਕ ਮਾਰੇ ਜਿਵੇਂ ਕਾਰਪੋਰੇਟਾਂ ਦੇ 16 ਲੱਖ ਕਰੋੜ ’ਤੇ ਮਾਰੀ ਗਈ ਸੀ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹਰ ਸੈਕਟਰ ਨੇ ਵਿਕਾਸ ਦੀ ਬੁਲੰਦੀਆਂ ਨੂੰ ਛੂਹਿਆ ਪਰ ਕਿਸਾਨ ਤੇ ਮਜ਼ਦੂਰਾਂ ਦੀ ਹਲਾਤ ਲਗਾਤਾਰ ਹੀ ਤਰਸਯੋਗ ਬਣਦੀ ਗਈ। ਸੰਤ ਸੀਚੇਵਾਲ ਨੇ ਸਦਨ ਵਿੱਚ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜ੍ਹੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਕਿਉਂਕਿ ਕਿਸਾਨ ਬਚਣਗੇ ਤਾਂ ਹੀ ਉਸ ’ਤੇ ਨਿਰਭਰ ਮਜ਼ਦੂਰ ਬਚਣਗੇ।