ਕੇਂਦਰ ਵੱਲੋਂ ਪੰਜਾਬ ਸਣੇ ਹੋਰ ਸੂਬਿਆਂ ਨੂੰ 1.73 ਲੱਖ ਕਰੋੜ ਰੁਪਏ ਜਾਰੀ
* ਟੈਕਸਾਂ ਦੇ ਹਿੱਸੇ ਵਜੋਂ ਫੰਡ ਕੀਤੇ ਰਿਲੀਜ਼
* ਪੰਜਾਬ ਨੂੰ ਮਿਲੇ 3,126.65 ਕਰੋੜ ਰੁਪਏ
ਨਵੀਂ ਦਿੱਲੀ, 10 ਜਨਵਰੀ
ਕੇਂਦਰ ਸਰਕਾਰ ਨੇ ਪੰਜਾਬ ਸਣੇ ਹੋਰ ਸੂਬਿਆਂ ਨੂੰ ਟੈਕਸਾਂ ਦੇ ਹਿੱਸੇ ਵਜੋਂ 1.73 ਲੱਖ ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਰਕਮ ਪਿਛਲੇ ਮਹੀਨੇ ਦਸੰਬਰ ਨੂੰ ਜਾਰੀ 89,086 ਕਰੋੜ ਦੀ ਰਕਮ ਨਾਲੋਂ ਵਧ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਨੂੰ ਇਹ ਰਕਮ ਵਿਕਾਸ ਅਤੇ ਭਲਾਈ ਨਾਲ ਸਬੰਧਤ ਯੋਜਨਾਵਾਂ ਦੀ ਰਫ਼ਤਾਰ ਤੇਜ਼ ਕਰਨ ਲਈ ਦਿੱਤੀ ਗਈ ਹੈ। ਅੱਜ ਐਲਾਨੇ ਗਏ ਪੈਕੇਜ ’ਚ 26 ਸੂਬੇ ਸ਼ਾਮਲ ਹਨ ਜਿਨ੍ਹਾਂ ’ਚੋਂ ਪੰਜਾਬ ਸਰਕਾਰ ਨੂੰ 3,126.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮੌਜੂਦਾ ਸਮੇਂ ’ਚ ਕੇਂਦਰ ਵੱਲੋਂ ਇਕੱਤਰ ਕੀਤੇ ਗਏ ਟੈਕਸਾਂ ਦਾਂ 41 ਫ਼ੀਸਦ ਹਿੱਸਾ ਵਿੱਤੀ ਵਰ੍ਹੇ ਦੌਰਾਨ ਸੂਬਿਆਂ ਨੂੰ ਕਈ ਕਿਸ਼ਤਾਂ ’ਚ ਟਰਾਂਸਫਰ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੇ ਜਿਨ੍ਹਾਂ ਸੂਬਿਆਂ ਨੂੰ ਸਭ ਤੋਂ ਵਧ ਪੈਸੇ ਟਰਾਂਸਫਰ ਕੀਤੇ ਹਨ, ਉਨ੍ਹਾਂ ’ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਲ ਹਨ। ਸਭ ਤੋਂ ਵਧ ਫੰਡ 31,039.84 ਕਰੋੜ ਰੁਪਏ ਉੱਤਰ ਪ੍ਰਦੇਸ਼ ਨੂੰ ਮਿਲੇ ਹਨ। ਇਸ ਮਗਰੋਂ ਮੱਧ ਪ੍ਰਦੇਸ਼ ਨੂੰ 13,582.86 ਕਰੋੜ, ਪੱਛਮੀ ਬੰਗਾਲ ਨੂੰ 13,017.06 ਕਰੋੜ, ਮਹਾਰਾਸ਼ਟਰ ਨੂੰ 10,930.31 ਕਰੋੜ, ਤਾਮਿਲ ਨਾਡੂ ਨੂੰ 7,057.89 ਕਰੋੜ ਅਤੇ ਆਂਧਰਾ ਪ੍ਰਦੇਸ਼ ਨੂੰ 7,002.5 ਕਰੋੜ ਰੁਪਏ ਮਿਲੇ ਹਨ। ਸੂਬਿਆਂ ਨੂੰ ਇਹ ਪੈਸਾ ਮਿਲਣ ਮਗਰੋਂ ਉਥੇ ਵਿਕਾਸ ਕਰਨ ’ਚ ਆਸਾਨੀ ਹੋਵੇਗੀ ਕਿਉਂਕਿ ਇਸ ਰਕਮ ਨਾਲ ਉਨ੍ਹਾਂ ਦੇ ਖ਼ਜ਼ਾਨਿਆਂ ’ਚ ਵੱਡੀ ਰਕਮ ਆ ਜਾਵੇਗੀ। -ਆਈਏਐੱਨਐੱਸ
ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਤੈਅ ਹੁੰਦੀ ਹੈ ਰਕਮ
ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੇਂਦਰ ਵੱਲੋਂ ਸੂਬਿਆਂ ਨੂੰ ਨਿਯਮਤ ਕਿਸ਼ਤਾਂ ਤਹਿਤ ਟੈਕਸਾਂ ਦੀ ਵੰਡ ਕੀਤੀ ਜਾਂਦੀ ਹੈ। 15ਵੇਂ ਵਿੱਤ ਕਮਿਸ਼ਨ ਨੇ ਸੂਬਿਆਂ ਵਿਚਕਾਰ ਫੰਡ ਵੰਡਣ ਲਈ ਮਾਪਦੰਡ ਤੈਅ ਕੀਤੇ ਹਨ ਜਿਨ੍ਹਾਂ ’ਚ ਵਧੇਰੇ ਪ੍ਰਤੀ ਵਿਅਕਤੀ ਆਮਦਨ ਵਾਲੇ ਸੂਬੇ, 2011 ਦੀ ਜਨਗਣਨਾ ਮੁਤਾਬਕ ਸੂਬਿਆਂ ਦੀ ਆਬਾਦੀ ਦਾ ਆਕਾਰ ਅਤੇ ਹਰੇਕ ਸੂਬੇ ’ਚ ਸੰਘਣੇ ਜੰਗਲਾਂ ਦੀ ਹਿੱਸੇਦਾਰੀ ਆਦਿ ਸ਼ਾਮਲ ਹਨ। ਟੈਕਸਾਂ ’ਚ ਵਧ ਉਗਰਾਹੀ ਕਾਰਨ ਕੇਂਦਰ ਵੱਲੋਂ ਸੂਬਿਆਂ ਨੂੰ ਫੰਡ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ। -ਆਈਏਐੱਨਐੱਸ