ਕੇਂਦਰ ਨੇ ਮਨਮੋਹਨ ਸਿੰਘ ਦੇ ਪਰਿਵਾਰ ਦੀ ਅਪੀਲ ਖਾਰਜ ਕੀਤੀ: ਸੁਖਬੀਰ ਬਾਦਲ
ਸਰਕਾਰ ਨੇ ਐਲਾਨ ਕੀਤਾ ਹੈ ਕਿ ਡਾ. ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਸ਼ਨਿੱਚਰਵਾਰ ਨੂੰ ਨਿਗਮਬੋਧ ਘਾਟ ’ਤੇ ਕੀਤਾ ਜਾਵੇਗਾ।
ਸੁਖਬੀਰ ਬਾਦਲ ਨੇ ਐਕਸ ’ਤੇ ਇੱਕ ਪੋਸਟ ’ਚ ਲਿਖਿਆ, ‘‘ਇਹ ਨਿੰਦਣਯੋਗ ਹੈ ਕਿ ਕੇਂਦਰ ਸਰਕਾਰ ਨੇ ਡਾ. ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਕਿਸੇ ਅਜਿਹੇ ਸਥਾਨ ’ਤੇ ਕਰਨ ਦੀ ਉਨ੍ਹਾਂ ਦੇ ਪਰਿਵਾਰ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿੱਥੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਨ ਲਈ ਉਨ੍ਹਾਂ ਦੀ ਢੁੱਕਵੀਂ ਅਤੇ ਇਤਿਹਾਸਕ ਯਾਦਗਾਰ ਬਣਾਈ ਜਾ ਸਕੇ।’’
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਥਾਨ ਰਾਜਘਾਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਹ ਅਤੀਤ ’ਚ ਅਪਣਾਈ ਗਈ ਸਥਾਪਤ ਪਰੰਪਰਾ ਤੋਂ ਉਲਟ ਹੋਵੇਗਾ।’’ ਬਾਦਲ ਨੇ ਕਿਹਾ ਕਿ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਸਰਕਾਰ ਇੱਕ ਮਹਾਨ ਨੇਤਾ ਪ੍ਰਤੀ ਇੰਨਾ ਅਨਾਦਰ ਕਿਉਂ ਦਿਖਾ ਰਹੀ ਹੈ, ਜੋ ਪ੍ਰਧਾਨ ਮੰਤਰੀ ਅਹੁਦੇ ’ਤੇ ਪਹੁੰਚਣ ਵਾਲੇ ਸਿੱਖ ਭਾਈਚਾਰੇ ਦੇ ਇਕਲੌਤੇ ਮੈਂਬਰ ਹਨ।
ਸੁਖਬੀਰ ਬਾਦਲ ਨੇ ਲਿਖਿਆ ਕਿ ਫਿਲਹਾਲ ਅੰਤਿਮ ਸੰਸਕਾਰ ਨਿਗਮ ਬੋਧ ਘਾਟ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਕਾਂਗਰਸ ਨਾਲ ਸਾਡੇ ਸਿਆਸੀ ਮੱਤਭੇਦ ਹੋਣ ਦੇ ਬਾਵਜੂਦ ਅਸੀਂ ਹਮੇਸ਼ਾ ਡਾ. ਮਨਮੋਹਨ ਸਿੰਘ ਦਾ ਬਹੁਤ ਸਨਮਾਨ ਕੀਤਾ ਹੈ ਕਿਉਂਕਿ ਉਹ ਰਾਜਨੀਤੀ ਅਤੇ ਸਿਆਸੀ ਸਬੰਧਾਂ ਤੋਂ ਪਰ੍ਹੇ ਹਨ। ਉਹ ਪੂਰੇ ਦੇਸ਼ ਦੇ ਹਨ।’’ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ‘ਸਰਕਾਰ ਦੇ ਇਸ ਨਿੰਦਣਯੋਗ ਫ਼ੈਸਲੇ ਨੂੰ ਬਦਲਣ ਲਈ ਨਿੱਜੀ ਦਖ਼ਲ ਦੇਣ।’ -ਪੀਟੀਆਈ