ਕੇਂਦਰੀ ਟੀਮ ਵੱਲੋਂ ਜਲੰਧਰ ਦਾ ਦੌਰਾ
ਪੱਤਰ ਪ੍ਰੇਰਕ
ਜਲੰਧਰ, 5 ਜੂਨ
ਕੇਂਦਰੀ ਟੀਮ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਚਲਦੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਕੇਂਦਰੀ ਨੋਡਲ ਅਫ਼ਸਰ, ਜੁਆਇੰਟ ਸਕੱਤਰ ਰੱਖਿਆ ਮੰਤਰਾਲਾ ਦਿਨੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਵੱਲੋਂ ‘ਕੈਚ ਦਿ ਰੇਨ’ 2023 ਪਹਿਲਕਦਮੀ ਤਹਿਤ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਕਈ ਸਥਾਨਾਂ ਦਾ ਦੌਰਾ ਕੀਤਾ ਗਿਆ।
ਡੀਸੀ ਦੀਪਸ਼ਿਖਾ ਸ਼ਰਮਾ, ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵਿਗਿਆਨੀ ਕੇਪੀ ਸਿੰਘ ਨਾਲ ਕੇਂਦਰੀ ਨੋਡਲ ਅਫ਼ਸਰ ਨੇ ਸਬੰਧਤ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਸੁਧਾਰ ਲਈ ਹੋਰ ਠੋਸ ਉਪਰਾਲੇ ਕਰਨ ਦਾ ਸੱਦਾ ਦਿੱਤਾ।
ਸ੍ਰੀ ਕੁਮਾਰ ਨੇ ਜਲ ਸ਼ਕਤੀ ਕੇਂਦਰ, ਤਲਵੰਡੀ ਮਾਧੋ ਵਿਖੇ ਥਾਪਰ ਮਾਡਲ ਤਹਿਤ ਛੱਪੜ, ਪਿੰਡ ਸੀਚੇਵਾਲ ਵਿੱਚ ਸੀਚੇਵਾਲ ਮਾਡਲ ਤਹਿਤ ਬਣੇ ਛੱਪੜ ਦਾ ਨਿਰੀਖਣ ਕੀਤਾ। ਕੇਂਦਰੀ ਨੋਡਲ ਅਫ਼ਸਰ ਨੇ ਜ਼ਿਲ੍ਹਾ ਜਲ ਸੰਭਾਲ ਯੋਜਨਾ ਨੂੰ ਸਫ਼ਲਤਾਪੂਰਵਕ ਸਮਾਂਬੱਧ ਢੰਗ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ ‘ਤੇ ਸਮੀਖਿਆ ਦੀ ਲੋੜ ‘ਤੇ ਜ਼ੋਰ ਦਿੱਤਾ। ਕੇਂਦਰੀ ਟੀਮ ਨੇ ਅੰਮ੍ਰਿਤ ਸਰੋਵਰਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਇਸ ਤੋਂ ਪਹਿਲਾਂ ਕੇਂਦਰੀ ਟੀਮ ਵੱਲੋਂ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦਾ ਦੌਰਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਕੇਂਦਰੀ ਟੀਮ ਆਪਣੇ ਤਿੰਨ ਦਿਨਾਂ ਦੌਰੇ ਤਹਿਤ ਅੱਜ ਜਲੰਧਰ ਪਹੁੰਚੀ ਹੈ।