ਲੋਕਾਂ ਤੱਕ ਨਹੀਂ ਪੁੱਜ ਰਹੀਆਂ ਕੇਂਦਰ ਦੀਆਂ ਸਕੀਮਾਂ: ਪੁਰੋਹਿਤ
ਜਗਮੋਹਨ ਸਿੰਘ
ਰੂਪਨਗਰ, 2 ਦਸੰਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਕੇਂਦਰ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਲੋਕਾਂ ਤਕ ਸਹੀ ਤਰੀਕੇ ਨਾਲ ਨਹੀਂ ਪੁੱਜ ਰਹੀਆਂ। ਉਨ੍ਹਾਂ ਅੱਜ ਕੇਂਦਰ ਸਰਕਾਰ ਵੱਲੋਂ ਹਮਾਰਾ ਸੰਕਲਪ ਵਿਕਸਤ ਭਾਰਤ ਮੁਹਿੰਮ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਪਿੰਡ ਰੋਡਮਾਜਰਾ ਚੱਕਲਾਂ ਦਾ ਦੌਰਾ ਕੀਤਾ ਗਿਆ। ਇੱਥੇ ਬਾਬਾ ਗਾਜੀਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸਐਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਪ੍ਰਧਾਨ ਭਾਜਪਾ ਜ਼ਿਲ੍ਹਾ ਰੂਪਨਗਰ ਅਜੇਵੀਰ ਸਿੰਘ ਲਾਲਪੁਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਰਕਾਰੀ ਕਾਲਜ ਰੂਪਨਗਰ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਰਕਾਰੀ ਵਿਭਾਗਾਂ ਨੇ ਕੇਂਦਰੀ ਸਕੀਮਾਂ ਲਈ ਸਟਾਲ ਲਗਾਏ। ਰਾਜਪਾਲ ਨੇ ਸਟਾਲਾਂ ਦਾ ਨਿਰੀਖਣ ਕੀਤਾ ਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਪੰਜ ਲਾਭਪਾਤਰੀਆਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੀ ਜਾਰੀ ਕੀਤੇ। ਉਨ੍ਹਾਂ ਪੰਡਾਲ ਵਿੱਚ ਸ਼ਾਮਲ ਲੋਕਾਂ ਨੂੰ ਭਾਰਤ ਨੂੰ ਆਤਮ ਨਿਰਭਰ ਤੇ ਡਿਜੀਟਲ ਬਣਾਉਣ ਲਈ ਜ਼ਿੰਮੇਵਾਰ ਨਾਗਰਿਕ ਵਜੋਂ ਫਰਜ਼ ਨਿਭਾਉਣ ਦੀ ਸਹੁੰ ਚੁਕਾਈ।
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਬਹੁਤੇ ਲੋਕਾਂ ਨੂੰ ਨਹੀਂ ਮਿਲ ਰਹੀ। ਉਨ੍ਹਾਂ ਦਾ ਮਕਸਦ ਇੱਥੇ ਆ ਕੇ ਇਸ ਬਾਰੇ ਜਾਣਕਾਰੀ ਲੈਣਾ ਹੈ। ਉਨ੍ਹਾਂ ਕਿਹਾ ਕਿ ਹਮਾਰਾ ਸੰਕਲਪ ਵਿਕਸਤ ਭਾਰਤ ਮੁਹਿੰਮ ਤਹਿਤ ਵੈਨਾਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਸਕੀਮਾਂ ਦੀ ਜਾਣਕਾਰੀ ਸਬੰਧੀ ਸਮੱਗਰੀ ਵੀ ਵੰਡੀ ਜਾ ਰਹੀ ਹੈ ਤੇ ਲੋਕਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਰਮੀ ਇੰਸਟੀਚਿਊਟ ਆਫ ਲਾਅ ਮੁਹਾਲੀ ਵਿੱਚ 9ਵੀਂ ਕਨਵੋਕੇਸ਼ਨ ਮੌਕੇ 100 ਬੀਏ-ਐਲਐਲਬੀ ਅਤੇ ਐਲਐਲਐਮ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਰਾਜਪਾਲ ਨੇ ਵਿਦਿਆਰਥੀਆਂ ਵੱਲੋਂ ਕਾਲਜ ਲਈ ਕੀਤੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਲੋੜਵੰਦ ਲੋਕਾਂ ਲਈ ਆਸ ਦੀ ਕਿਰਨ ਵਜੋਂ ਕੰਮ ਕਰਨ ਅਤੇ ਸਾਧਨ ਵਿਹੂਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਿਆਂਪਾਲਕਾ ਅਤੇ ਵਕੀਲਾਂ ਤੋਂ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਹੁੰਦੀ ਹੈ। ਲਿਹਾਜ਼ਾ ਇਸ ਭਰੋਸੇਯੋਗਤਾ ਨੂੰ ਕਾਇਮ ਰੱਖਣ ਲਈ ਕੰਮ ਕੀਤਾ ਜਾਵੇ। ਇਸ ਮੌਕੇ ਲੈਫ਼ਟੀਨੈਂਟ ਜਨਰਲ ਐਮ.ਕੇ. ਕਟਿਆਰ, ਏਵੀਐਸਐਮ, ਜੀਓਸੀ-ਇਨ-ਸੀ, ਪੱਛਮੀ ਕਮਾਂਡ ਅਤੇ ਪੈਟਰਨ-ਇਨ-ਚੀਫ਼ ਏਆਈਐਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ (ਡਾ.) ਅਰਵਿੰਦ ਵਾਈਸ ਚਾਂਸਲਰ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉੱਤਮਤਾ ਪੁਰਸਕਾਰ ਪ੍ਰਦਾਨ ਕੀਤੇ।