For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਪ੍ਰਾਜੈਕਟ: ਇਕ ਕਲਿੱਕ ’ਤੇ ਮਿਲੇਗੀ ਵਿਦਿਆਰਥੀਆਂ ਬਾਰੇ ਮੁਕੰਮਲ ਜਾਣਕਾਰੀ

06:50 AM Oct 13, 2024 IST
ਕੇਂਦਰੀ ਪ੍ਰਾਜੈਕਟ  ਇਕ ਕਲਿੱਕ ’ਤੇ ਮਿਲੇਗੀ ਵਿਦਿਆਰਥੀਆਂ ਬਾਰੇ ਮੁਕੰਮਲ ਜਾਣਕਾਰੀ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਕਤੂਬਰ
ਕੇਂਦਰੀ ਸਿੱਖਿਆ ਮੰਤਰਾਲੇ ਦੀ ਯੋਜਨਾ ਤਹਿਤ ਹੁਣ ਸਕੂਲਾਂ ਵਿੱਚ ਪਲੇਅਵੇਅ ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਥਾਈ ਐਜੂਕੇਸ਼ਨ ਨੰਬਰ ਦਿੱਤਾ ਜਾਵੇਗਾ ਜੋ ਉਮਰ ਭਰ ਲਈ ਸਿੱਖਿਆ ਹਾਸਲ ਕਰਨ ’ਤੇ ਲਾਗੂ ਹੋਵੇਗਾ। ਇਸ ਦੀ ਸ਼ੁਰੂਆਤ ਸਕੂਲਾਂ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਲਾਗੂ ਕੀਤਾ ਜਾਵੇਗਾ। ਵਿਦਿਆਰਥੀ ਦੀ ਆਈਡੀ ਬਣਨ ਤੋਂ ਬਾਅਦ ਇਸ ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ। ਇਸ ਦੀ ਮਦਦ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋ ਰਹੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ ਹਰੇਕ ਵਿਦਿਆਰਥੀ ਲਈ ਆਟੋਮੇਟਿਡ ਪਰਮਾਨੈਂਟ ਅਕੈਡਮਿਕ ਅਕਾਊਂਟ ਰਜਿਸਟਰੀ (ਅਪਾਰ) ਆਈਡੀ ਤਿਆਰ ਕੀਤੀ ਗਈ ਹੈ। ਇਹ ਅਪਾਰ ਆਈਡੀ 12 ਅੱਖਰਾਂ ਦੀ ਹੋਵੇਗੀ। ਕੇਂਦਰ ਨੇ ਕਿਹਾ ਹੈ ਕਿ ਪਹਿਲਾਂ ਇਸ ਸਕੀਮ ਤਹਿਤ ਬੋਰਡ ਜਮਾਤਾਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕੜੇ ਅਪਲੋਡ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਇਸ ਦਾ ਦਾਇਰਾ ਸਾਰੀਆਂ ਜਮਾਤਾਂ ਤੱਕ ਵਧਾਇਆ ਜਾਵੇਗਾ। ਆਈਡੀ ਬਣਨ ਤੋਂ ਬਾਅਦ ਜੇ ਕੋਈ ਵਿਦਿਆਰਥੀ ਸਕੂਲ ਛੱਡਦਾ ਹੈ ਤਾਂ ਉਸ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇਗੀ ਕਿ ਉਸ ਨੇ ਕਿਹੜੇ ਸੂਬੇ ਦੇ ਕਿਹੜੇ ਸਕੂਲ ਵਿੱਚ ਦਾਖਲਾ ਲਿਆ ਹੈ। ਇਸ ਤਹਿਤ ਵਿਦਿਆਰਥੀ ਦਾ ਨਾਮ, ਪਤਾ, ਮਾਤਾ-ਪਿਤਾ ਦਾ ਨਾਮ, ਮੋਬਾਈਲ ਨੰਬਰ, ਆਧਾਰ ਕਾਰਡ ਆਦਿ ਡੇਟਾ ਹਾਸਲ ਕੀਤਾ ਜਾਵੇਗਾ। ਵਿਦਿਆਰਥੀ ਦੀ ਅਪਾਰ ਆਈਡੀ ਨੂੰ ਡਿਜੀਲਾਕਰ ਨਾਲ ਵੀ ਜੋੜਿਆ ਜਾਵੇਗਾ। ਇਸ ਨਾਲ ਫ਼ਰਜ਼ੀ ਦਸਤਾਵੇਜ਼ ’ਤੇ ਵੀ ਰੋਕ ਲੱਗੇਗੀ। ਕੇਂਦਰੀ ਯੋਜਨਾ ਤਹਿਤ ਸਕੂਲ ਵਿੱਚ ਜਮਾਤ ਸ਼ੁਰੂ ਹੋਣ ਤੋਂ ਲੈ ਕੇ 12ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਦੀ ਆਈਡੀ ਬਣਾਈ ਜਾਵੇਗੀ। ਕੇਂਦਰ ਨੇ ਹਾਲ ਵਿੱਚ ਪ੍ਰਸਤਾਵ ਦਿੱਤਾ ਸੀ ਕਿ ਕੌਮੀ ਸਿੱਖਿਆ ਨੀਤੀ (ਐੱਨਈਪੀ) 2020 ਤਹਿਤ 2026-27 ਤੱਕ ਸਕੂਲੀ ਵਿਦਿਆਰਥੀਆਂ ਦੇ ਸਾਰੇ ਸਿੱਖਿਆ ਰਿਕਾਰਡਾਂ ਨੂੰ ‘ਵਨ ਨੇਸ਼ਨ, ਵਨ ਸਟੂਡੈਂਟ ਆਈਡੀ’ ਨਾਲ ਜੋੜਿਆ ਜਾਵੇ। ਇਸ ਦਾ ਉਦੇਸ਼ ਡਿਗਰੀਆਂ, ਵਜ਼ੀਫ਼ਿਆਂ ਤੇ ਵਿਦਿਆਰਥੀਆਂ ਨੂੰ ਮਿਲਦੇ ਹੋਰ ਵਿੱਤੀ ਲਾਭਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਇਸ ਆਈਡੀ ਰਾਹੀਂ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ ਜਾਵੇਗੀ।

Advertisement

ਯੂਨੀਵਰਸਿਟੀ ’ਚ ਵੀ ਦਾਖਲਾ ਲੈਣ ਲਈ ਜਮ੍ਹਾਂ ਨਹੀਂ ਕਰਵਾਉਣੇ ਪੈਣਗੇ ਸਰਟੀਫਿਕੇਟ

ਸਕੱਤਰੇਤ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਕੋਈ ਵਿਦਿਆਰਥੀ ਸਕੂਲੀ ਸਿੱਖਿਆ ਤੋਂ ਬਾਅਦ ਯੂਨੀਵਰਸਿਟੀ ਵਿਚ ਦਾਖਲਾ ਲਵੇਗਾ ਤਾਂ ਉਸ ਦੇ ਸਰਟੀਫਿਕੇਟਾਂ ਨੂੰ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਉਸ ਦੇ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਆਪਣੇ ਆਪ ਹੀ ਡਿਜੀਲਾਕਰ ਵਿਚੋਂ ਤਸਦੀਕ ਹੋ ਜਾਣਗੇ। ਇਸ ਨਾਲ ਵਿਦਿਆਰਥੀਆਂ ਤੇ ਸਿੱਖਿਆ ਸੰਸਥਾਵਾਂ ਨੂੰ ਵੀ ਫਾਇਦਾ ਹੋਵੇਗਾ।

Advertisement

ਵਿਦੇੇਸ਼ਾਂ ਦੀ ਤਰਜ਼ ’ਤੇ ਹੋਵੇਗੀ ਦਾਖਲਾ ਪ੍ਰੀਖਿਆ ’ਚ ਜਾਂਚ

ਵਿਦਿਆਰਥੀਆਂ ਨੂੰ ਅਪਾਰ ਆਈਡੀ ਮਿਲਣ ਤੋਂ ਬਾਅਦ ਜਦੋਂ ਵਿਦਿਆਰਥੀ ਸਕੂਲ ਤੇ ਕਾਲਜ ਦੀ ਸਿੱਖਿਆ ਮੁਕੰਮਲ ਕਰਨ ਤੋਂ ਬਾਅਦ ਮੁਕਾਬਲਾ ਪ੍ਰੀਖਿਆ ਵਿਚ ਭਾਗ ਲੈਂਦਾ ਹੈ ਤਾਂ ਉਸ ਦੀ ਅਪਾਰ ਆਈਡੀ ਰਾਹੀਂ ਸਾਰੇ ਦਸਤਾਵੇਜ਼ ਜਾਂਚੇ ਜਾਣਗੇ। ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ੀ ਯੂਨੀਵਰਸਿਟੀਆਂ ਕਾਗਜ਼ਾਤ ਚੈੱਕ ਕਰਦੀਆਂ ਹਨ, ਉਸੇ ਤਰਜ਼ ’ਤੇ ਦੇਸ਼ ਵਿੱਚ ਵੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਤੇ ਕੋਈ ਵੀ ਫ਼ਰਜ਼ੀ ਦਸਤਾਵੇਜ਼ ਮਿਲਣ ’ਤੇ ਸੌਖੇ ਹੀ ਪਤਾ ਲੱਗ ਜਾਵੇਗਾ।

Advertisement
Author Image

Advertisement