ਕੇਂਦਰੀ ਪੈਨਲ ਨੇ ਪਾਰਦਰਸ਼ੀ ਪ੍ਰੀਖਿਆ ਕਰਵਾਉਣ ਲਈ ਸੁਝਾਅ ਮੰਗੇ
ਨਵੀਂ ਦਿੱਲੀ, 28 ਜੂਨ
ਕੇਂਦਰ ਦੇ ਉੱਚ ਪੱਧਰੀ ਪੈਨਲ ਨੇ ਪ੍ਰੀਖਿਆਵਾਂ ਵਿਚ ਸੁਧਾਰ ਲਈ ਵਿਦਿਆਰਥੀਆਂ, ਮਾਪਿਆਂ ਤੇ ਹਿੱਸੇਦਾਰਾਂ ਤੋਂ ਸੁਝਾਅ ਮੰਗੇ ਹਨ। ਇਹ ਸੁਝਾਅ 7 ਜੁਲਾਈ ਤੱਕ ਦੇਣ ਲਈ ਕਿਹਾ ਗਿਆ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ, ‘ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਭਖੇ ਵਿਵਾਦ ਦਰਮਿਆਨ ਇਸਰੋ ਦੇ ਸਾਬਕਾ ਮੁਖੀ ਆਰ ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੇ ਪੈਨਲ ਨੂੰ ਪ੍ਰੀਖਿਆ ਪ੍ਰਕਿਰਿਆ ਵਿੱਚ ਸੁਧਾਰ, ਡਾਟਾ ਸੁਰੱਖਿਆ ਪ੍ਰੋਟੋਕੋਲ ਨੂੰ ਵਧਾਉਣ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਢਾਂਚੇ ਅਤੇ ਸੰਚਾਲਨ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ। ਕੇਂਦਰੀ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕਮੇਟੀ ਨੇ ਹਿੱਸੇਦਾਰਾਂ ਖਾਸ ਤੌਰ ’ਤੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਮੰਗੇ ਹਨ।
ਮੈਡੀਕਲ ਦਾਖਲਾ ਪ੍ਰੀਖਿਆ ਨੀਟ ਅਤੇ ਪੀਐਚ ਡੀ ਦਾਖਲਾ ਨੈੱਟ ਵਿੱਚ ਕਥਿਤ ਬੇਨੇਮੀਆਂ ਕਾਰਨ ਕੇਂਦਰ ਨੇ ਪਿਛਲੇ ਹਫਤੇ ਐਨਟੀਏ ਵੱਲੋਂ ਪ੍ਰੀਖਿਆਵਾਂ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਨਿਰਪੱਖ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੈਨਲ ਦਾ ਗਠਨ ਕੀਤਾ ਸੀ ਜਿਸ ਨੂੰ ਵੱਖ-ਵੱਖ ਪ੍ਰੀਖਿਆਵਾਂ ਲਈ ਪ੍ਰੀਖਿਆ ਪੱਤਰ ਤਿਆਰ ਕਰਨ, ਹੋਰ ਪ੍ਰਕਿਰਿਆਵਾਂ ਨਾਲ ਸਬੰਧਤ ਮੌਜੂਦਾ ਸੁਰੱਖਿਆ ਪ੍ਰੋਟੋਕੋਲ ਦੀ ਜਾਂਚ ਕਰਨ ਅਤੇ ਸਿਸਟਮ ਦੀ ਮਜ਼ਬੂਤੀ ਲਈ ਸਿਫਾਰਸ਼ਾਂ ਕਰਨ ਦਾ ਕੰਮ ਸੌਂਪਿਆ ਹੈ। -ਪੀਟੀਆਈ