ਕੇਂਦਰ ਸਰਕਾਰ ਦਾ ਬਜਟ ਕਿਸਾਨ ਵਿਰੋਧੀ: ਧਨੇਰ
ਮਹਿਲਕਲਾਂ (ਨਿੱਜੀ ਪੱਤਰ ਪ੍ਰੇਰਕ): ਬੀਜੇਪੀ ਦੀ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਕੇਂਦਰੀ ਬਜਟ ਨੂੰ ਭਾਰਤੀ ਕਿਸਾਨ ਯੂਨੀਤਨ ਏਕਤਾ ਡਕੌਂਦਾ (ਧਨੇਰ) ਨੇ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿ ਕਿਹਾ ਕਿ ਮੁਲਕ ਦੀ ਅੱਧੀ ਤੋਂ ਵੱਧ 65 ਫ਼ੀਸਦੀ ਵਸੋਂ ਹਾਲੇ ਵੀ ਖੇਤੀ ਉੱਪਰ ਨਿਰਭਰ ਹੈ। ਪੈਦਾਵਾਰ ਵਿੱਚ ਖੇਤੀ ਖੇਤਰ ਦੀ 16 ਫੀਸਦੀ ਵਾਧੇ ਦੀ ਦਰ ਹੈ ਪਰ ਖੇਤੀ ਖੇਤਰ ਲਈ ਦੇ ਬਜਟ ਵਿੱਚ ਕੇਵਲ 1.52 ਲੱਖ ਕਰੋੜ ਰੁਪਏ ਰੱਖੇ ਗਏ ਸਨ। ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ 3 ਲੱਖ ਤੋਂ 5 ਲੱਖ ਰੁਪਏ ਦੇ ਕਰੈਡਿਟ ਕਾਰਡ ਕਰਜ਼ਾ ਦੇਣ ਦਾ ਲਾਲੀਪੌਪ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਡਾ. ਸਵਾਮੀਨਾਥਨ ਕਮਿਸ਼ਨ ਅਤੇ ਰਾਮ ਚੰਦ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਸੀ-2+50 ਫੀਸਦੀ ਮੁਨਾਫ਼ਾ ਜੋੜ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਰਫ਼ੂ ਚੱਕਰ ਹੋ ਗਏ ਹਨ। ਇਸੇ ਤਰ੍ਹਾਂ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਦੂਰ ਦੀ ਕੌਡੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰੀ ਬਜਟ ਨੇ ਖੇਤੀ ਖੇਤਰ ਨੂੰ ਵਿਸਾਰ ਦਿੱਤਾ ਹੈ।