ਕੇਂਦਰ ਸਰਕਾਰ ਦਾ ਬਜਟ ਜਨਤਾ ਨਾਲ ਧੋਖਾ: ਸ੍ਰੀਨਿਵਾਸ ਬੀਵੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਭਾਰਤੀ ਯੂਥ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਦੇ ‘ਕੁਰਸੀ ਬਚਾਓ ਬਜਟ’ ਦਾ ਵਿਰੋਧ ਕੀਤਾ। ਇਸ ਮੌਕੇ ਯੂਥ ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਬਜਟ ਭਾਰਤ ਦੇ ਸੰਘੀ ਢਾਂਚੇ ਦੇ ਵਿਰੁੱਧ ਹੈ। ਇਸ ਬਜਟ ਵਿੱਚ ਕਈ ਰਾਜਾਂ ਨਾਲ ਵਿਤਕਰਾ ਕੀਤਾ ਗਿਆ ਹੈ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਇਹ ਬਜਟ ਜਨਤਾ ਨਾਲ ਧੋਖਾ ਹੈ। ਇਹ ਦੇਸ਼ ਵਾਸੀਆਂ ਨਾਲ ਬੇਇਨਸਾਫ਼ੀ ਹੈ। ਇਸ ਦੌਰਾਨ ਕਈ ਯੂਥ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਦਫ਼ਤਰ ਰਾਇਸਿਨਾ ਮਾਰਗ ਵਿੱਚੋਂ ਬਾਹਰ ਨਹੀਂ ਨਿਕਲਣ ਨਹੀਂ ਦਿੱਤਾ। ਗੇਟ ਦੇ ਆਲੇ-ਦੁਆਲੇ ਰੋਕਾਂ ਲਾ ਦਿੱਤੀਆਂ ਤਾਂ ਪ੍ਰਦਰਸ਼ਨਕਾਰੀਆਂ ਨੇ ਰੋਕਾਂ ਟੱਪਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਿੱਲੀ ਪੁਲੀਸ ਨੇ ਰੋਕਾਂ ਲੰਘਣ ਵਾਲਿਆਂ ਨੂੰ ਰਿਹਾਸਤ ਵਿੱਚ ਲਿਆ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦੇ ਅੰਦਰ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਪ੍ਰਧਾਨ ਮੰਤਰੀ ਸਮੇਤ ਗ੍ਰਹਿ ਮੰਤਰੀ ਦੀ ਨਿਖੇਧੀ ਕੀਤੀ।
ਪ੍ਰਦਰਸ਼ਨ ਵਿੱਚ ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਦਿੱਲੀ ਦੇ ਇੰਚਾਰਜ ਕੋਕੋ ਪਾਧੀ, ਕੌਮੀ ਜਨਰਲ ਸਕੱਤਰ ਮਨੀਸ਼ ਚੌਧਰੀ, ਕੌਮੀ ਸਕੱਤਰ ਮੁਹੰਮਦ ਡਾ. ਸ਼ਾਹਿਦ, ਅਮਿਤ ਪਠਾਨੀਆ, ਅਰੁਣਾ ਮਹਾਜਨ, ਰਾਜਸਥਾਨ ਯੂਥ ਕਾਂਗਰਸ ਦੇ ਪ੍ਰਧਾਨ ਅਭਿਮਨਿਊ ਪੂਨੀਆ, ਹਰਿਆਣਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਮਯੰਕ ਚੌਧਰੀ ਸਮੇਤ ਕਈ ਯੂਥ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਪ੍ਰਧਾਨ ਨੇ ਕਿਹਾ ਕਿ ਇਹ ਮੋਦੀ ਜੀ ਦਾ ‘ਕੁਰਸੀ ਬਚਾਓ’, ‘ਸੱਤਾ ਬਚਾਓ’ ਅਤੇ ‘ਬਦਲਾ ਲਓ’ ਦਾ ਬਜਟ ਹੈ। 90% ਰਾਜਾਂ ਅਤੇ 90% ਤੋਂ ਵੱਧ ਦੇਸ਼ ਦੇ ਲੋਕਾਂ ਨੂੰ ਇਸ ਬਜਟ ਨੇ ਦੂਰ ਕਰ ਦਿੱਤਾ ਹੈ। ਦੇਸ਼ ਦਾ ਬਜਟ ਭਾਜਪਾ ਦੀ ਸੱਤਾ ਬਚਾਉਣ ਲਈ ਨਹੀਂ ਹੋ ਸਕਦਾ, ਇਹ ਦੇਸ਼ ਦੇ ਲੋਕਾਂ ਦੀ ਭਲਾਈ ਲਈ ਹੋਣਾ ਚਾਹੀਦਾ ਹੈ। ਇੰਡੀਅਨ ਯੂਥ ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਦਾ ‘ਕੁਰਸੀ ਬਚਾਓ ਬਜਟ’ ਇੱਕ ਤਰ੍ਹਾਂ ਨਾਲ ਕਾਂਗਰਸ ਦੇ ‘ਨਿਆਇ ਪੱਤਰ’ ਦੀ ਕਾਪੀ ਪੇਸਟ ਹੈ। ਪੂਰਾ ਦੇਸ਼ ਮਹਿੰਗਾਈ ਨਾਲ ਜੂਝ ਰਿਹਾ ਹੈ ਪਰ ਬਜਟ ਵਿੱਚ ਮਹਿੰਗਾਈ ਵਿਰੁੱਧ ਕੋਈ ਕਦਮ ਚੁੱਕਣ ਦੀ ਗੱਲ ਨਹੀਂ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਗਰੀਬਾਂ, ਦਲਿਤਾਂ ਤੋਂ ਨਾਰਾਜ਼ ਹੈ ਕਿਉਂਕਿ ਇਨ੍ਹਾਂ ਸਾਰਿਆਂ ਨੇ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਜੋੜ ਦਾ ਸਮਰਥਨ ਕੀਤਾ ਸੀ, ਇਸ ਲਈ ਇਸ ਬਜਟ ਵਿੱਚ ਇਨ੍ਹਾਂ ਸਾਰਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਮੁੱਚਾ ਬਜਟ ਦੋ ਰਾਜਾਂ ਅਤੇ ਦੋ ਵਿਸ਼ੇਸ਼ ਸਿਆਸੀ ਪਾਰਟੀਆਂ ਨੂੰ ਮਹੱਤਵ ਦੇਣ ਵਾਲਾ ਸੀ ਕਿਉਂਕਿ ਸਰਕਾਰ ਨੇ ਆਪਣੀ ਕੁਰਸੀ ਬਚਾਉਣੀ ਹੁੰਦੀ ਹੈ।