ਪੀਜੀਆਈ ਵਿੱਚ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗੀ ਕੈਸ਼ਲੈੱਸ ਇਲਾਜ ਦੀ ਸਹੂਲਤ
ਚੰਡੀਗੜ੍ਹ, 27 ਜੂਨ
ਪੀਜੀਆਈ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰ ਲਾਭਪਾਤਰੀਆਂ ਨੂੰ ਕੈਸ਼ਲੈੱਸ ਇਲਾਜ ਦੀਆਂ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਦੋ ਹੋਰ ਸੰਸਥਾਵਾਂ ਵਿੱਚ ਵੀ ਇਹ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਵਿੱਚ ਏਮਸ ਦਿੱਲੀ ਅਤੇ ਪੁਡੂਚੇਰੀ ਸਥਿਤ ਜੇਆਈਪੀਐੱਮਈਆਰ ਸ਼ਾਮਲ ਹਨ। ਇਸ ਸਬੰਧੀ ਪੀਜੀਆਈਐੱਮਈਆਰ, ਏਮਸ ਅਤੇ ਜੇਆਈਪੀਐੱਮਆਈਆਰ ਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਤਹਿਤ ਆਉਣ ਵਾਲੀ ਕੇਂਦਰ ਸਰਕਾਰ ਸਿਹਤ ਯੋਜਨਾ ਦਰਮਿਆਨ ਅੱਜ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਇੱਕ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਹਨ।
ਇਹ ਪਹਿਲ 20 ਮਈ ਨੂੰ ਸੀਜੀਐੱਚਐੱਸ ਅਤੇ ਭੁਪਾਲ, ਭੁਵਨੇਸ਼ਵਰ, ਪਟਨਾ, ਜੋਧਪੁਰ, ਰਾਏਪੁਰ ਅਤੇ ਰਿਸ਼ੀਕੇਸ਼ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਰਮਿਆਨ ਹੋਏ ਛੇ ਸਮਝੌਤਾ ਪੱਤਰਾਂ ‘ਤੇ ਆਧਾਰਿਤ ਹੈ। ਭੂਸ਼ਨ ਨੇ ਕਿਹਾ ਕਿ ਦਿੱਲੀ ਸਥਿਤ ਏਮਸ, ਚੰਡੀਗੜ੍ਹ ਦੇ ਪੀਜੀਆਈ ਅਤੇ ਪੁਡੂਚੇਰੀ ਦੇ ਜੇਆਈਪੀਐੱਮਈਆਰ ਵਿੱਚ ਸੀਜੀਐੱਚਐੱਸ ਲਾਭਪਾਤਰੀਆਂ ਲਈ ਕੈਸ਼ਲੈਸ ਰੋਗੀ ਦੇਖਭਾਲ ਸਹੂਲਤਾਂ ਦਾ ਵਿਸਤਾਰ ਸੀਜੀਐੱਚਐੱਸ ਦੇ ਪੈਨਸ਼ਨਰਾਂ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਹੋਵੇਗਾ। -ਪੀਟੀਆਈ