ਕੇਂਦਰੀ ਚੀਫ਼ ਇੰਜਨੀਅਰ ਜਗਦੇਵ ਹਾਂਸ ਵੱਲੋਂ ਡਿਵੀਜ਼ਨਲ ਅਧਿਕਾਰੀਆਂ ਨਾਲ ਮੀਟਿੰਗ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਅਗਸਤ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕੇਂਦਰੀ ਜ਼ੋਨ ਲੁਧਿਆਣਾ ਦੇ ਚੀਫ ਇੰਜਨੀਅਰ ਇੰਜ. ਜਗਦੇਵ ਸਿੰਘ ਹਾਂਸ ਵੱਲੋਂ ਪਾਵਰਕੌਮ ਦੇ ਸਥਾਨਕ ਡਿਵੀਜ਼ਨ ਦਫਤਰ ’ਚ ਤਾਇਨਾਤ ਐਕਸੀਅਨ ਇੰਜ. ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਅਤੇ ਵੱਖ-ਵੱਖ ਖੇਤਰਾਂ ਅਤੇ ਫੀਲਡਾਂ ’ਚ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਮੁੱਚੇ ਇਲਾਕੇ ਅਤੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਸਬੰਧੀ ਠਾਠ ਨਾਨਕਸਰ ਵਿਖੇ ਚੱਲਣ ਵਾਲੇ ਸਮਾਗਮਾਂ ਦੌਰਾਨ ਬਿਜਲੀ ਸਪਲਾਈ ਬਾਰੇ ਜਾਣਿਆ ਅਤੇ ਖਾਮੀਆਂ ਦੂਰ ਕਰਨ ਤੇ ਨਿਰਵਿਘਨ ਸਪਲਾਈ ਦੀਆਂ ਹਦਾਇਤਾਂ ਕੀਤੀਆਂ। ਇੰਜ. ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਇੰਜ. ਜਗਦੇਵ ਸਿੰਘ ਹਾਂਸ ਨੂੰ ਸਪਲਾਈ ਬਾਰੇ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ।
ਮੀਟਿੰਗ ’ਚ ਹਾਜ਼ਰ ਇੰਜ. ਗੁਰਪ੍ਰੀਤ ਸਿੰਘ ਕੰਗ ਐੱਸਡੀਓ (ਸ਼ਹਿਰੀ ਫੀਡਰ), ਇੰਜ. ਜੁਗਰਾਜ ਸਿੰਘ ਐੱਸਡੀਓ (ਦਿਹਾਤੀ), ਇੰਜ. ਹਰਮਨਦੀਪ ਸਿੰਘ (ਸਿੱਧਵਾਂ ਖੁਰਦ ਫੀਡਰ) ਅਤੇ ਇੰਜ. ਗੁਰਪ੍ਰੀਤ ਸਿੰਘ ਮੱਲ੍ਹੀ (ਫੀਡਰ ਸਿੱਧਵਾਂ ਬੇਟ) ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦੀਆਂ ਹਦਾਇਤਾਂ ਕੀਤੀਆਂ ਅਤੇ ਤਿੰਨਾਂ ਫੀਡਰਾਂ ਦੇ ਅਧਿਕਾਰੀਆਂ ਨੇ ਆਪੋ-ਆਪਣੇ ਅਧਿਕਾਰ ਖੇਤਰ ’ਚ ਸਪਲਾਈ ਬਾਰੇ ਜਾਣਕਾਰੀ ਸਾਂਝੀ ਕੀਤੀ। ਇੰਜ. ਜਗਦੇਵ ਸਿੰਘ ਹਾਂਸ ਨੇ ਅਧਿਕਾਰੀਆਂ ਨੂੰ ਨਾਨਕਸਰ ਵਿੱਚ 24 ਘੰਟੇ ਡਿਊਟੀ ਦੇਣ ਲਈ ਸਪੈਸ਼ਲ ਤਕਨੀਕੀ ਸਟਾਫ ਦੀ ਟੀਮ ਤਾਇਨਾਤ ਕਰਨ ਲਈ ਆਖਿਆ। ਇਸ ਤੋਂ ਇਲਾਵਾ ਉਨ੍ਹਾਂ ਗਿੱਦੜਵਿੰਡੀ ਵਿੱਚ ਨਵੇਂ ਬਣ ਰਹੇ 66 ਕੇਵੀ ਗਰਿੱਡ ਦੀ ਉਸਾਰੀ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਿਆ ਅਤੇ ਰਹਿੰਦਾ ਕੰਮ ਜਲਦੀ ਪੂਰਾ ਕਰਨ ਅਤੇ ਕਮੀਆਂ ਦੂਰ ਕਰਨ ਲਈ ਵੀ ਆਖਿਆ। ਕੇਂਦਰੀ ਜ਼ੋਨ ਚੀਫ਼ ਇੰਜਨੀਅਰ ਇੰਜ, ਜਗਦੇਵ ਹਾਂਸ ਨੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ’ਤੇ ਤਸੱਲੀ ਪ੍ਰਗਟ ਕੀਤੀ ਗਈ।