ਪੰਜਾਬ ਦਾ ਅਰਥਚਾਰਾ ਵਿਗਾੜਨਾ ਚਾਹੁੰਦੀਆਂ ਨੇ ਕੇਂਦਰ ਤੇ ਸੂਬਾ ਸਰਕਾਰਾਂ: ਚੰਨੀ
ਸੰਜੀਵ ਬੱਬੀ/ਸੰਜੀਵ ਤੇਜਪਾਲ
ਚਮਕੌਰ ਸਾਹਿਬ/ਮੋਰਿੰਡਾ, 18 ਅਕਤੂਬਰ
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਆਪਸ ਵਿੱਚ ਮਿਲ ਕੇ ਪੰਜਾਬ ਦੀ ਆਰਥਿਕਤਾ ਨੂੰ ਵਿਗਾੜਨਾ ਚਾਹੁੰਦੇ ਹਨ, ਜਿਸ ਨਾਲ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਇਸੇ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਸ਼ੁਰੂ ਨਹੀਂ ਹੋ ਸਕੀ। ਇੱਥੋਂ ਦੀ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਤੇ ਚੁਕਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਝੋਨੇ ਦੀ ਫ਼ਸਲ ਖਰੀਦ ਕੇ ਆਪਣੀ ਕਸਟਡੀ ਵਿੱਚ ਰੱਖਣੀ ਚਾਹੀਦੀ ਹੈ ਅਤੇ ਲੋੜ ਅਨੁਸਾਰ ਸ਼ੈੱਲਰਾਂ ਨੂੰ ਵੰਡੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਆਰਥਿਕਤਾ ਅਤੇ ਹਾਲਾਤਾਂ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ ਪ੍ਰੰਤੂ ਫਿਰ ਵੀ ਜੇਕਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦਾ ਮੰਡੀਆਂ ਤੋਂ ਲੈ ਕੇ ਸੜਕਾਂ ਤੱਕ ਸਾਥ ਦਿੱਤਾ ਜਾਵੇਗਾ। ਸ੍ਰੀ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਲਗਪਗ 43 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ ਗਈ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਕਰਕੇ ਫਸਲ ਨੂੰ ਆਪਣੀ ਕਸਟਡੀ ਵਿੱਚ ਰੱਖ ਕੇ ਮੰਡੀਆਂ ਵਿੱਚ ਹੋ ਰਹੀ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨੀ ਚਾਹੀਦੀ ਹੈ। ਉਨ੍ਹਾਂ ਮੌਜੂਦਾ ਮੁੱਖ ਮੰਤਰੀ ਨੂੰ ਡੰਮੀ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਤੇ ਉਸ ਦੇ ਸਾਥੀ ਜਿਸ ਤਰੀਕੇ ਨਾਲ ਭਗਵੰਤ ਮਾਨ ਨੂੰ ਬੋਲਣ ਲਈ ਕਹਿੰਦੇ ਨੇ ਉਸੇ ਤਰ੍ਹਾਂ ਉਹ ਅੱਗੇ ਬੋਲ ਰਹੇ ਹਨ।
ਇਸ ਮੌਕੇ ਆੜ੍ਹਤੀ ਉੱਜਲ ਸਿੰਘ, ਮੇਜਰ ਸਿੰਘ ਮਾਂਗਟ, ਮਨਜੀਤ ਸਿੰਘ ਕੰਗ, ਤਰਲੋਚਨ ਸਿੰਘ ਭੰਗੂ, ਬਲਜੀਤ ਸਿੰਘ, ਨਾਇਬ ਸਿੰਘ, ਚੌਧਰੀ ਜਸਵੀਰ ਸਿੰਘ, ਕੇਹਰ ਸਿੰਘ, ਬਹਾਦਰ ਸਿੰਘ ਤੁੰਗ, ਕਾਂਗਰਸੀ ਆਗੂ ਲਖਵਿੰਦਰ ਸਿੰਘ ਭੂਰਾ ਅਤੇ ਸਰਪੰਚ ਰੋਹਿਤ ਸੱਭਰਵਾਲ ਆਦਿ ਹਾਜ਼ਰ ਸਨ।