ਕੇਂਦਰ ਦੀ ਸ਼ੈਲਰ ਮਾਲਕਾਂ ਨਾਲ ਮੀਟਿੰਗ ਸਿਰਫ਼ ਦਿਖਾਵਾ: ਕਿਸਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਵੱਲੋਂ ਚੌਕੀਮਾਨ ਟੌਲ ’ਤੇ ਆਰੰਭਿਆ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤਕ ਬਿਨਾਂ ਪਰਚੀ ਦੇ ਵਾਹਨ ਲੰਘਾਉਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਜ਼ਿਲ੍ਹਾ ਪ੍ਰਧਾਨ ਚਨਰ ਸਿੰਘ ਨੂਰਪੁਰਾ ਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਨਾਲ ਕੇਂਦਰ ਸਰਕਾਰ ਦੀ ਮੀਟਿੰਗ ਮਾਤਰ ਖਾਨਾਪੂਰਤੀ ਸੀ। ਇਸ ’ਚ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ ਕਿਉਂਕਿ ਅਜਿਹਾ ਕਰਨਾ ਏਜੰਡੇ ’ਚ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚਾਰ ਦਿਨ ਦਾ ਸਮਾਂ ਹੋਰ ਮੰਗ ਕੇ ਸਮਾਂ ਟਪਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਗ਼ਲਤ ਕਾਰਗੁਜ਼ਾਰੀ ਵੀ ਝੋਨੇ ਦੇ ਸੀਜ਼ਨ ’ਚ ਸਾਹਮਣੇ ਆਈ ਹੈ। ਜਿਹੜੇ ਪ੍ਰਬੰਧ ਤਿੰਨ ਮਹੀਨੇ ਪਹਿਲਾਂ ਕਰਨੇ ਸਨ ਉਸ ਲਈ ਹਾਲੇ ਵੀ ਸਿਰਫ ਬਿਆਨਬਾਜ਼ੀ ਤੇ ਐਲਾਨ ਹੀ ਹੋ ਰਹੇ ਹਨ। ਅਸਲ ’ਚ ਇਹ ਸਰਕਾਰਾਂ ਕਾਰਪੋਰੇਟਾਂ ਲਈ ਕੰਮ ਕਰਦੀਆਂ ਹੋਈਆਂ ਉਨ੍ਹਾਂ ਦੇ ਫਾਇਦੇ ਲਈ ਝੋਨੇ ਦੀ ਖਰੀਦ ਤੋਂ ਹੌਲੀ ਹੌਲੀ ਭੱਜ ਰਹੀਆਂ ਹਨ। ਇਸੇ ਕਰਕੇ ਮੰਡੀਆਂ ’ਚ ਕਿਸਾਨਾਂ ਨੂੰ ਐੱਮਐੱਸਪੀ ਤੋਂ ਕਾਫੀ ਘੱਟ ਰੁਪਏ ਦੀ ਅਦਾਇਗੀ ਕਰ ਕੇ ਝੋਨਾ ਖਰੀਦਿਆ ਜਾ ਰਿਹਾ ਹੈ ਪਰ ਸੂਬਾ ਤੇ ਕੇਂਦਰ ਸਰਕਾਰ ਇਸ ਵੱਲ ਜਾਣਬੁੱਝ ਕੇ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਸਾਨਾਂ ਦੀ ਇਸ ਤਰ੍ਹਾਂ ਲੁੱਟ ਲਈ ਸਿੱਧਾ ਇਨ੍ਹਾਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਲੁੱਟ ਚਾਰ ਦਿਨ ਹੋਰ ਰਹਿਣ ਦਾ ਪ੍ਰਬੰਧ ਵੀ ਸਰਕਾਰ ਨੇ ਖੁਦ ਕਰ ਦਿੱਤਾ ਹੈ ਅਤੇ ਚਾਰ ਦਿਨ ਬਾਅਦ ਵੀ ਇਸ ਲੁੱਟ ਤੋਂ ਬਚਾਅ ਦੀ ਉਮੀਦ ਨਜ਼ਰ ਨਹੀਂ ਆਉਂਦੀ। ਸਰਕਾਰੀ ਮੰਡੀਆ ਨੂੰ ਰੱਦ ਕਰਕੇ ਪ੍ਰਾਈਵੇਟ ਮੰਡੀਆ ‘ਚ ਤਬਦੀਲ ਕਰਨ ਵੱਲ ਕਦਮ ਪੁੱਟੇ ਜਾ ਰਹੇ ਹਨ। ਧਰਨੇ ਨੂੰ ਕੁਲਵੀਰ ਸਿੰਘ ਜੰਡੀ, ਬਲਵੰਤ ਸਿੰਘ ਫੱਲੇਵਾਲ, ਚਰਨਜੀਤ ਸਿੰਘ, ਤੀਰਥ ਸਿੰਘ ਤਲਵੰਡੀ, ਦੇਵਿੰਦਰ ਸਿੰਘ ਮਲਸੀਹਾਂ, ਪ੍ਰੇਮ ਸਿੰਘ ਬੁਜਰਗ, ਜਸਵੰਤ ਸਿੰਘ ਭੱਟੀਆ, ਪਰਵਾਰ ਸਿੰਘ ਗਲਿਬ, ਰਾਮਸ਼ਰਨ ਸਿੰਘ ਰਸੂਲਪੁਰ, ਔਰਤ ਆਗੂ ਅਮਰਜੀਤ ਕੌਰ ਮਾਜਰੀ, ਗੁਰਪ੍ਰੀਤ ਸਿੰਘ ਨੂਰਪੁਰਾ, ਮਨਜੀਤ ਸਿੰਘ ਬੁੜੈਲ, ਜੋਗਿੰਦਰ ਆਜ਼ਾਦ, ਮਨਜੀਤ ਸਿੰਘ ਰਾਏਕੋਟ ਨੇ ਵੀ ਸੰਬੋਧਨ ਕੀਤਾ।
ਭਾਜਪਾ ਯੂਥ ਵਿੰਗ ਦੇ ਆਗੂ ਵੱਲੋਂ ਸਾਥੀਆਂ ਸਮੇਤ ਮੰਡੀਆਂ ਦਾ ਦੌਰਾ
ਲੁਧਿਆਣਾ (ਗੁਰਿੰਦਰ ਸਿੰਘ): ਭਾਜਪਾ ਯੂਥ ਵਿੰਗ ਪੰਜਾਬ ਦੇ ਸੀਨੀਅਰ ਆਗੂ ਮਰਿਘਵੀਰ ਸਿੰਘ ਮਿੱਠੂ ਚੱਢਾ ਨੇ ਅੱਜ ਸਾਥੀਆਂ ਸਮੇਤ ਜਲੰਧਰ ਬਾਈਪਾਸ ਰੋਡ ਸਥਿਤ ਦਾਣਾ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਤਕਲੀਫ਼ਾਂ ਸੁਣੀਆਂ। ਮਿੱਠੂ ਚੱਢਾ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਆਪਣੀ ਝੋਨੇ ਦੀ ਫ਼ਸਲ ਲੈ ਕੇ ਮੰਡੀ ਵਿੱਚ ਬੈਠੇ ਹਰਨੇਕ ਸਿੰਘ ਅਤੇ ਬਚਿੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੋਨੇ ਵਰਗੀ ਫ਼ਸਲ ਨੂੰ ਖਰੀਦਣ ਵਾਲਾ ਕੋਈ ਗਾਹਕ ਨਹੀਂ ਹੈ ਜਦਕਿ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਅਤੇ ਅਧਿਕਾਰੀ ਝੋਨੇ ਦੀ ਖਰੀਦ ਸਬੰਧੀ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ। ਕਿਸਾਨ ਨਾਨਕ ਸਿੰਘ ਨੇ ਦੱਸਿਆ ਕਿ ਕਾਗਜ਼ਾਂ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਦਸ ਦਿਨਾਂ ਬਾਅਦ ਵੀ ਉਸ ਦੀ ਫ਼ਸਲ ਕਿਸੇ ਨੇ ਨਹੀਂ ਖਰੀਦੀ। ਯੂਥ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਪਹੁੰਚ ਚੁੱਕੀ ਝੋਨੇ ਦੀ ਫ਼ਸਲ ਦੀ ਤਰੁੰਤ ਸਰਕਾਰੀ ਖਰੀਦ ਕਰਵਾਈ ਜਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਵੇਚ ਕੇ ਖੁਸ਼ੀ ਖੁਸ਼ੀ ਆਪਣੇ ਘਰਾ ਜਾ ਸਕਣ।