For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੂੰ ਮੰਡੀਆਂ ’ਚ ਰੋਲਣਾ ਕੇਂਦਰ ਦੀ ਸਾਜ਼ਿਸ਼: ਉਗਰਾਹਾਂ

08:04 AM Oct 26, 2024 IST
ਕਿਸਾਨਾਂ ਨੂੰ ਮੰਡੀਆਂ ’ਚ ਰੋਲਣਾ ਕੇਂਦਰ ਦੀ ਸਾਜ਼ਿਸ਼  ਉਗਰਾਹਾਂ
ਘਾਬਦਾਂ ਨੇੜੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਝੋਨਾ ਨਾ ਖ਼ਰੀਦ ਕੇ ਕਿਸਾਨਾਂ ਨੂੰ ਮੰਡੀਆਂ ’ਚ ਰੋਲਣਾ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਸਾਲ 2021 ਵਿੱਚ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਕਾਰਨ ਝੱਲੀ ਨਮੋਸ਼ੀ ਦਾ ਬਦਲਾ ਲੈਣ ਲਈ ਲੰਮੇ ਸਮੇਂ ਤੋਂ ਤਾਕ ਵਿੱਚ ਸੀ ਅਤੇ ਝੋਨੇ ਦੀ ਖ਼ਰੀਦ ਸਬੰਧੀ ਸਖ਼ਤ ਸ਼ਰਤਾਂ ਥੋਪ ਕੇ ਤੇ ਪੰਜਾਬ ਦੇ ਸ਼ੈੱਲਰਾਂ ਵਿੱਚੋਂ ਚੌਲ ਨਾ ਚੁੱਕ ਕੇ ਫ਼ਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਉਗਰਾਹਾਂ 32 ਕਿਸਾਨ ਜਥੇਬੰਦੀਆਂ ਦੇ ਤਾਲਮੇਲਵੇਂ ਪ੍ਰੋਗਰਾਮ ਸਬੰਧੀ ਸੂਬਾ ਕਮੇਟੀ ਦੇ ਸੱਦੇ ’ਤੇ ਕੌਮੀ ਹਾਈਵੇਅ-7 ਉਪਰ ਪਿੰਡ ਘਾਬਦਾਂ ਨੇੜੇ ਬਣੇ ‘ਆਊਟਲੈੱਟ ਮਾਲ’ ਅੱਗੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਉਗਰਾਹਾਂ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਆਫ਼ੀ ਕਿਸਾਨਾਂ ਤੋਂ ਨਹੀਂ, ਸਗੋਂ ਆਪਣੇ ‘ਪ੍ਰਭੂਆਂ’ ਤੋਂ ਮੰਗੀ ਸੀ।
ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ’ਚ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ, ਸਗੋਂ ਪੰਜਾਬ ਦੇ 5500 ਸ਼ੈੱਲਰ ਮਾਲਕਾਂ ਦੀ ਵੀ ਲੜਾਈ ਹੈ। ਉਨ੍ਹਾਂ ਕਿਹਾ ਕਿ ਮਸਲਿਆਂ ਦਾ ਠੋਸ ਹੱਲ ਨਾ ਹੋਣ ਤੱਕ ਮੋਰਚੇ ਜਾਰੀ ਰਹਿਣਗੇ। ਇਸ ਮੌਕੇ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ ਵੀ ਸੰਬੋਧਨ ਕੀਤਾ। ਧਰਨੇ ’ਚ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਵਰਕਰ ਅਤੇ ਆਈ.ਏ.ਐਲ ਫੈਕਟਰੀ ’ਚੋ ਯੂਨੀਅਨ ਦੇ ਵਰਕਰ ਸ਼ਾਮਲ ਹੋਏ।

Advertisement

ਕਿਸਾਨਾਂ ਦੇ ਪੱਕੇ ਮੋਰਚੇ ਸੱਤਵੇਂ ਦਿਨ ਵੀ ਜਾਰੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):

Advertisement

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਪੱਕਾ ਮੋਰਚਾ ਅੱਜ ਸੱਤਵੇਂ ਦਿਨ ਵੀ 51 ਥਾਂਵਾਂ ’ਤੇ ਜਾਰੀ ਰਿਹਾ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਸੱਤ ਦਿਨਾਂ ਤੋਂ 26 ਟੌਲ ਪਲਾਜ਼ਿਆਂ ਅਤੇ ਛੇ ਦਿਨਾਂ ਤੋਂ 25 ਸਿਆਸੀ ਆਗੂਆਂ ਦੇ ਘਰਾਂ/ਦਫ਼ਤਰਾਂ ਅੱਗੇ ਲਾਏ ਗਏ ਪੱਕੇ ਮੋਰਚੇ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਚੁਕਾਈ ਅਮਲੀ ਰੂਪ ’ਚ ਲਾਗੂ ਹੋਣ ਤੱਕ ਦਿਨ-ਰਾਤ ਜਾਰੀ ਰਹਿਣਗੇ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਨਿਰਵਿਘਨ ਖ਼ਰੀਦ ਸ਼ੁਰੂ ਹੋਣ ਬਾਰੇ ਸਰਕਾਰੀ ਦਾਅਵੇ ਬਹੁਤੀਆਂ ਮੰਡੀਆਂ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਅੱਜ ਦੇ ਮੋਰਚਿਆਂ ਨੂੰ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸਬੰਧਿਤ ਜ਼ਿਲ੍ਹਾ ਅਤੇ ਬਲਾਕ ਪੱਧਰਾਂ ਦੇ ਸੈਂਕੜੇ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਐੱਮਐੱਸਪੀ ’ਤੇ ਨਿਰਵਿਘਨ ਖ਼ਰੀਦ ਤੇ ਨਾਲੋਂ ਨਾਲ ਚੁਕਾਈ ਕੀਤੀ ਜਾਵੇ, ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕੀਤੀ ਜਾਵੇ; ਸਰਕਾਰੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਅਤੇ ਐੱਮਐੱਸਪੀ ਤੋਂ ਘੱਟ ਮਿਲੇ ਮੁੱਲ ਕਾਰਨ ਪਏ ਘਾਟੇ ਦੀ ਕਮੀ ਪੂਰਤੀ ਕੀਤੀ ਜਾਵੇ; ਬਾਸਮਤੀ ਦਾ ਲਾਭਕਾਰੀ ਐੱਮਐੱਸਪੀ ਮਿਥਿਆ ਜਾਵੇ, ਐਤਕੀਂ ਵੀ ਪਿਛਲੇ ਸਾਲ ਵਾਲੇ ਔਸਤ ਰੇਟ ’ਤੇ ਖ਼ਰੀਦ ਕੀਤੀ ਜਾਵੇ ਅਤੇ ਘੱਟ ਰੇਟ ’ਤੇ ਖ਼ਰੀਦ ਕਾਰਨ ਹੁਣ ਤੱਕ ਪੈ ਚੁੱਕੇ ਘਾਟੇ ਦੀ ਕਮੀ ਪੂਰਤੀ ਕੀਤੀ ਜਾਵੇ; ਝੋਨੇ ਦੀ ਨਮੀ ਅਤੇ ਦਾਗ਼ੀ ਦਾਣਿਆਂ ਸਬੰਧੀ ਹੋਰ ਸ਼ਰਤਾਂ ਨਰਮ ਕੀਤੀਆਂ ਜਾਣ।

Advertisement
Author Image

joginder kumar

View all posts

Advertisement