ਬੰਦੀ ਸਿੰਘਾਂ ਪ੍ਰਤੀ ਕੇਂਦਰ ਦੀ ਪਹੁੰਚ ਨਿਆਂਹੀਣ: ਜਥੇਦਾਰ ਰਘਬੀਰ ਸਿੰਘ
ਅੰਮ੍ਰਿਤਸਰ (ਟਨਸ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੇ ਅੱਜ ਇਥੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਬੰਦੀ ਸਿੰਘਾਂ ਪ੍ਰਤੀ ਨਿਆਂਹੀਣ ਪਹੁੰਚ ਅਪਣਾ ਰਹੀ ਜਿਸ ਕਾਰਨ ਸਿੱਖ ਕੌਮ ਵਿੱਚ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਬ ਮੁਲਕ ’ਚ 8 ਭਾਰਤੀਆਂ ਨੂੰ ਹੋਈ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਦੇ ਮਾਮਲੇ ਵਿੱਚ ਜੋ ਸ਼ਿੱਦਤ ਦਿਖਾਈ ਹੈ ਉਹੀ ਸ਼ਿੱਦਤ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਪ੍ਰਤੀ ਵੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਤਿੰਨ ਦਹਾਕਿਆਂ ਨਾਲੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੱਖ ਦੇਸ਼ ਦੇ ਸਿਆਸੀ ਕੈਦੀ ਹਨ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ 8 ਭਾਰਤੀਆਂ ਦੀ ਸਜ਼ਾ ਮੁਆਫ਼ੀ ਮਗਰੋਂ ਖ਼ੁਦ ਉਥੇ ਜਾ ਕੇ ਧੰਨਵਾਦ ਕੀਤਾ ਹੈ ਪਰ ਆਪਣੇ ਹੀ ਦੇਸ਼ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਵੱਲ ਉਨ੍ਹਾਂ ਦਾ ਧਿਆਨ ਕਿਉਂ ਨਹੀਂ ਜਾ ਰਿਹਾ। ਜਥੇਦਾਰ ਨੇ ਆਖਿਆ ਕਿ ਬਲਵੰਤ ਸਿੰਘ ਰਾਜੋਆਣਾ ਪਿਛਲੇ 17 ਸਾਲਾਂ ਤੋਂ ਫਾਂਸੀ ਦੀ ਸਜ਼ਾ ਹੇਠ ਨਜ਼ਰਬੰਦ ਹੈ ਤੇ ਇਸ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰਨ ਸਬੰਧੀ ਮਾਮਲਾ ਵੀ ਪਿਛਲੇ 12 ਸਾਲਾਂ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਸਿੱਖਾਂ ਪ੍ਰਤੀ ਦੋਹਰਾ ਵਿਹਾਰ ਛੱਡ ਕੇ ਤੁਰੰਤ ਭਾਈ ਰਾਜੋਆਣਾ ਸਮੇਤ ਬਾਕੀ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।