ਕੇਂਦਰ ਨੇ ਪੰਜਾਬ ਦੇ ਕਰੋੜਾਂ ਰੁਪਏ ਦੇ ਫੰਡ ਰੋਕੇ: ਚਰਨਜੀਤ ਸਿੰਘ
ਸੰਜੀਵ ਤੇਜਪਾਲ
ਮੋਰਿੰਡਾ, 2 ਸਤੰਬਰ
ਨਗਰ ਕੌਂਸਲ ਮੋਰਿੰਡਾ ਵੱਲੋਂ ਫਾਇਰ ਬ੍ਰਿਗੇਡ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕੀਤਾ। ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਅਜਿਹੇ ਯਤਨਾਂ ਨੂੰ ਰੋਕਣ ਲਈ ਫੰਡ ਰੋਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬਣ ਰਹੇ ਸਕੂਲ ਆਫ ਐਮੀਨੈਂਸ, ਆਮ ਆਦਮੀ ਕਲੀਨਿਕ ਤੇ ਹੋਰ ਵਿਕਾਸ ਕਾਰਜਾਂ ਲਈ ਮਿਲਣ ਵਾਲੇ ਲਗਪਗ 10 ਹਜ਼ਾਰ ਕਰੋੜ ਰੁਪਏ ਦੇ ਫੰਡ ਰੋਕ ਰੱਖੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਨੂੰ ਜਾਰੀ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਸਰਵਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਢਾਈ ਸਾਲਾਂ ਦੌਰਾਨ ਮੋਰਿੰਡਾ ਸ਼ਹਿਰ ਵਿੱਚ ਕਰੋੜਾਂ ਰੁਪਏ ਵਿਕਾਸ ਕਾਰਜਾਂ ਉੱਤੇ ਖਰਚੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ, ਜੁਆਇੰਟ ਸਕੱਤਰ ਰਜਿੰਦਰ ਸਿੰਘ ਰਾਜਾ ਚੱਕਲਾ, ਨਵਦੀਪ ਸਿੰਘ ਟੋਨੀ, ਸਿਕੰਦਰ ਸਿੰਘ ਸਹੇੜੀ ਆਦਿ ਸਮੇਤ ਹੋਰ ‘ਆਪ’ ਆਗੂ, ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।