For the best experience, open
https://m.punjabitribuneonline.com
on your mobile browser.
Advertisement

ਵਾਇਨਾਡ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰੇਗਾ ਕੇਂਦਰ: ਮੋਦੀ

07:50 AM Aug 11, 2024 IST
ਵਾਇਨਾਡ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰੇਗਾ ਕੇਂਦਰ  ਮੋਦੀ
ਵਾਇਨਾਡ ਦੇ ਏਡਬਲਿਊਐੱਸ ਹਸਪਤਾਲ ’ਚ ਦਾਖ਼ਲ ਬੱਚੀ ਨਾਲ ਲਾਡ ਲਡਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਵਾਇਨਾਡ, 10 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵਾਇਨਾਡ ਜ਼ਿਲ੍ਹੇ ਦੇ ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਤੇ ਮੁੜ ਵਸੇਬੇ ਦੀਆਂ ਕੋਸ਼ਿਸ਼ਾਂ ’ਚ ਹਰ ਸੰਭਵ ਮਦਦ ਦੇਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਦੁਆਵਾਂ ਪ੍ਰਭਾਵਿਤ ਲੋਕਾਂ ਨਾਲ ਹਨ ਤੇ ਇਨ੍ਹਾਂ ਘਟਨਾਵਾਂ ਨੇ ਕਈ ਪਰਿਵਾਰਾਂ ਦੇ ਸੁਫਨੇ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਲੋਕਾਂ, ਜਿਨ੍ਹਾਂ ਇਸ ਆਫ਼ਤ ’ਚ ਆਪਣਾ ਸਭ ਕੁਝ ਗੁਆ ਦਿੱਤਾ ਹੈ, ਦੀ ਮਦਦ ਲਈ ਕੇਰਲ ਸਰਕਾਰ ਨਾਲ ਖੜ੍ਹੀ ਰਹੇਗੀ। ਜ਼ਿਕਰਯੋਗ ਹੈ ਕਿ ਢਿੱਗਾਂ ਡਿੱਗਣ ਦੀਆਂ ਘਟਨਾਵਾਂ ’ਚ 226 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 130 ਤੋਂ ਵੱਧ ਲੋਕ ਲਾਪਤਾ ਹਨ।
ਪ੍ਰਧਾਨ ਮੰਤਰੀ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਪੀੜਤਾਂ ਦੇ ਮੁੜ ਵਸੇਬੇ ਦੀ ਯੋਜਨਾ ਤਿਆਰ ਕਰਨ ਲਈ ਇੱਥੇ ਜ਼ਿਲ੍ਹਾ ਕੁੁਲੈਕਟਰੇਟ ’ਚ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ’ਚ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਪਿਨਾਰਾਈ ਵਿਜਯਨ, ਕੇਂਦਰੀ ਮੰਤਰੀ ਸੁਰੇਸ਼ ਗੋਪੀ, ਕੈਬਨਿਟ ਮੰਤਰੀ ਤੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ ਪੁੱਜੇ ਅਤੇ ਚੂਰਲਮਲਾ ਦਾ ਪੈਦਲ ਦੌਰਾ ਕਰਕੇ ਇੱਥੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਕੰਨੂਰ ਹਵਾਈ ਅੱਡੇ ਤੋਂ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਵਾਇਨਾਡ ਪੁੱਜੇ ਤੇ 30 ਜੁਲਾਈ ਨੂੰ ਵੱਡੇ ਪੱਧਰ ’ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਕਾਰਨ ਪ੍ਰਭਾਵਤ ਚੂਰਲਮਲਾ ਇਲਾਕੇ ’ਚ ਪੈਦਲ ਚੱਲ ਕੇ ਨੁਕਸਾਨ ਦਾ ਜਾਇਜ਼ਾ ਲਿਆ। ਮੋਦੀ ਨੇ ਇੱਕ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਜਿੱਥੇ ਇਨ੍ਹਾਂ ਘਟਨਾਵਾਂ ਕਾਰਨ ਪ੍ਰਭਾਵਿਤ ਲੋਕ ਰਹਿ ਰਹੇ ਹਨ। ਉਨ੍ਹਾਂ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਨ੍ਹਾਂ ’ਚ ਦੋ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਇਸ ਹਾਦਸੇ ’ਚ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਹਨ। ਬਾਅਦ ’ਚ ਮੋਦੀ ਨੇ ਮੇਪਡੀ ਸਥਿਤ ਕੈਂਪ ਦਾ ਦੌਰਾ ਕਰਕੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਕਲਪੇਟਾ ’ਚ ਉਤਰਨ ਤੋਂ ਪਹਿਲਾਂ ਮੋਦੀ ਨੇ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਚੂਰਲਮਲਾ, ਮੁੰਡਕਈ ਤੇ ਪੁੰਚਿਰੀਮੱਟਮ ਦਾ ਹਵਾਈ ਸਰਵੇਖਣ ਕੀਤਾ ਸੀ। -ਪੀਟੀਆਈ

ਉਮੀਦ ਹੈ ਪ੍ਰਧਾਨ ਮੰਤਰੀ ਮਨੀਪੁਰ ਵੀ ਜਾਣਗੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਗਏ ਹਨ ਅਤੇ ਉਮੀਦ ਹੈ ਕਿ ਉਹ ਮਨੀਪੁਰ ਦਾ ਦੌਰਾ ਕਰਨ ਲਈ ਵੀ ਸਮਾਂ ਕੱਢਣਗੇ ਜੋ ਪਿਛਲੇ 15 ਮਹੀਨਿਆਂ ਤੋਂ ਦੁੱਖ ਝੱਲ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘ਇਹ ਚੰਗੀ ਗੱਲ ਹੈ ਕਿ ‘ਨਾਨ-ਬਾਇਓਲਾਜੀਕਲ’ (ਅਜੈਵਿਕ) ਪ੍ਰਧਾਨ ਮੰਤਰੀ ਅੱਜ ਵਾਇਨਾਡ ’ਚ ਹਨ। ਇਹ ਇੱਕ ਤਬਾਹਕੁਨ ਤ੍ਰਾਸਦੀ ਸੀ।’ ਉਨ੍ਹਾਂ ਕਿਹਾ, ‘ਇਸ ਤੋਂ ਬਾਅਦ ਉਹ (ਮੋਦੀ) ਮੁੜ ਜੰਗ ਰੋਕਣ ਲਈ ਯੂਕਰੇਨ ਦਾ ਦੌਰਾ ਕਰਨ ਵਾਲੇ ਹਨ। ਉਮੀਦ ਹੈ ਕਿ ਉਸ ਤੋਂ ਪਹਿਲਾਂ ਉਹ ਮਨੀਪੁਰ ਦਾ ਦੌਰਾ ਕਰਨ ਲਈ ਸਮਾਂ ਤੇ ਇੱਛਾ ਸ਼ਕਤੀ ਦੋਵੇਂ ਲੱਭ ਲੈਣਗੇ। ਮਨੀਪੁਰ ਦੀ ਜਨਤਾ ਪਿਛਲੇ 15 ਮਹੀਨਿਆਂ ਤੋਂ ਦੁੱਖ, ਦਰਦ ਝੱਲ ਰਹੀ ਹੈ।’ -ਪੀਟੀਆਈ

Advertisement

Advertisement
Author Image

Advertisement