ਪੰਜਾਬ ਵਿੱਚ ਅਡਾਨੀ ਦਾ ਰਾਜ ਸਥਾਪਤ ਕਰਨਾ ਚਾਹੁੰਦੈ ਕੇਂਦਰ: ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਨਵੰਬਰ
ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਅਸਥਿਰਤਾ ਫੈਲਾ ਕੇ ਸਾਰਾ ਮੰਡੀਕਰਨ ਸਿਸਟਮ ਆਪਣੇ ਕਬਜ਼ੇ ਵਿਚ ਲੈ ਕੇ ਇੱਥੇ ਅਡਾਨੀ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਇਸ ਲਈ ਪੰਜਾਬ ਦੇ ਗੁਦਾਮਾਂ ਵਿਚ ਇੱਕ ਲੱਖ 80 ਹਜ਼ਾਰ ਮੀਟਰਕ ਟਨ ਚੌਲ ਪਿਆ ਰਿਹਾ। ਇਸ ਦੇ ਚੁੱਕਣ ਵਿਚ ਦੇਰੀ ਕਾਰਨ ਸ਼ੈੱਲਰਾਂ ਵਿਚ ਝੋਨਾ ਨਹੀਂ ਲੱਗ ਸਕਿਆ ਤੇ ਚੌਲ ਦੇ ਟੈੱਸਟਾਂ ਦੀਆਂ ਆਈਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਚੌਲ ਮਿਆਰਾਂ ਤੋਂ ਹੇਠਾਂ ਦਿਖਾ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਇਹ ਸਾਰੀ ਸਾਜ਼ਿਸ਼ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਹੈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਲੀਭੁਗਤ ਵੀ ਨਜ਼ਰ ਆਉਂਦੀ ਹੈ।
ਸੰਸਦ ਮੈਂਬਰ ਡਾ. ਗਾਂਧੀ ਨੇ ਕਿਹਾ ਮੋਦੀ ਸਰਕਾਰ ਨੇ ਇਸ ਸਾਲ ਪੂਰੇ ਮੰਡੀਕਰਨ ਪ੍ਰਣਾਲੀ ਨੂੰ ਗੁਮਰਾਹ ਕਰਕੇ ਪੰਜਾਬ ਦੀ ਸਮੁੱਚੀ ਕਿਸਾਨੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਘੜੀ ਹੈ। ਕਿਸਾਨ ਪਹਿਲੀ ਵਾਰ ਮੰਡੀਆਂ ਵਿਚ ਰੁਲਣ ਲਈ ਮਜਬੂਰ ਹਨ। ‘ਜੇ’ ਫਾਰਮ ਕੱਟੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਅਦਾਇਗੀ ਨਹੀਂ ਹੋ ਰਹੀ। ਉਹ ਇੱਥੇ ਕਾਨਫੈਬ ਐੱਮਯੂਐੱਨ ਦੇ ਪਹਿਲੇ ਸੰਮੇਲਨ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਮੌਕੇ ਸਮਾਗਮ ਵਿਚ ਸਾਬਕਾ ਆਈਪੀਐਸ ਅਧਿਕਾਰੀ ਡਾ. ਅੰਮ੍ਰਿਤ ਕੌਰ ਗਿੱਲ ਅਤੇ ਆਰਟੀਓ ਨਮਨ ਮੜਕਨ ਵੀ ਮੌਜੂਦ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਗਾਂਧੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਸਿਆਸੀ ਲੀਡਰਾਂ, ਰਵਨੀਤ ਬਿੱਟੂ, ਖ਼ਾਸ ਕਰ ਭਾਜਪਾ ਦੇ ਆਗੂਆਂ ਦੀ ਜਾਇਦਾਦ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਵਿਚ ਹੋਵੇ।