ਕੇਂਦਰ ਪੈਟਰੋਲ-ਡੀਜ਼ਲ ਜੀਐੱਸਟੀ ਦੇ ਘੇਰੇ ’ਚ ਲਿਆਉਣਾ ਚਾਹੁੰਦੈ: ਸੀਤਾਰਾਮਨ
ਇੰਦੌਰ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ’ਚ ਲਿਆਉਣਾ ਚਾਹੁੰਦੀ ਹੈ ਪਰ ਕਾਂਗਰਸ ਇਸ ਮੁੱਦੇ ’ਤੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਪੈਟਰੋਲੀਅਮ ਉਤਪਾਦਾਂ ਨੂੰ ਜੀਐੱਸਟੀ ਦੇ ਘੇਰੇ ’ਚ ਲਿਆਉਣ ਦੇ ਪੱਖ ’ਚ ਹਨ ਕਿਉਂਕਿ ਇਸ ਨਾਲ ਲੋਕਾਂ ਨੂੰ ਫਾਇਦਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਕਾਂਗਰਸ ਦੇ ਇਸ ਮੁੱਦੇ ’ਤੇ ਦੋਹਰੇ ਮਾਪਦੰਡਾਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ। ‘ਜੇਕਰ ਪ੍ਰਿਯੰਕਾ ਪੈਟਰੋਲ ਅਤੇ ਡੀਜ਼ਲ ਜੀਐੱਸਟੀ ਦੇ ਘੇਰੇ ’ਚ ਲਿਆਉਣ ਦੇ ਪੱਖ ’ਚ ਹੈ ਤਾਂ ਉਸ ਨੂੰ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੂੰ ਜੀਐੱਸਟੀ ਪਰਿਸ਼ਦ ’ਚ ਇਸ ’ਤੇ ਸਹਿਮਤੀ ਜਤਾਉਣ ਲਈ ਆਖਣਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਚੋਣ ਪ੍ਰਚਾਰ ਦੌਰਾਨ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਅਤੇ ਮੱਧ ਪ੍ਰਦੇਸ਼ ’ਚ ਭਾਜਪਾ ਸਰਕਾਰਾਂ ਨੂੰ ਘੇਰਦੀ ਆ ਰਹੀ ਹੈ। ਇਜ਼ਰਾਈਲ-ਹਮਾਸ ਜੰਗ ਦਾ ਦੇਸ਼ ਦੇ ਅਰਥਚਾਰੇ ’ਤੇ ਅਸਰ ਪੈਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਵਿੱਤ ਮੰਤਰੀ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧਣ ਬਾਰੇ ਚਿੰਤਾ ਜਤਾਈ ਜਾ ਰਹੀ ਸੀ ਪਰ ਸਰਕਾਰ ਉਸ ਨਾਲ ਸਿੱਝ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਜ਼ਰਾਈਲ-ਹਮਾਸ ਜੰਗ ’ਤੇ ਨੇੜਿਉਂ ਨਜ਼ਰ ਰੱਖੀ ਹੋਈ ਹੈ। -ਪੀਟੀਆਈ