ਕੇਂਦਰ ਨੇ ਬਜਟ ’ਚ ਦਿੱਲੀ ਤੇ ਪੰਜਾਬ ਨਾਲ ਮਤਰੇਆ ਸਲੂਕ ਕੀਤਾ: ਪਾਠਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਕੇਂਦਰ ਵੱਲੋਂ ਪੇਸ਼ ਕੀਤੇ ਗਏ ਬਜਟ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਪਾਠਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਜਟ ਵਿੱਚ ਦਿੱਲੀ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕੇਂਦਰ ਸਰਕਾਰ ਦੀ ਘੱਟ ਦੂਰਅੰਦੇਸ਼ੀ ਇਸ ਵਾਰ ਦੇ ਬਜਟ ਤੋਂ ਸਾਫ਼ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਛੋਟੀ ਸੋਚ ਨਾਲ ਕੰਮ ਕਰ ਰਹੀ ਹੈ।
ਪਾਠਕ ਨੇ ਕਿਹਾ, ‘‘ਅੱਜ ਸਰਕਾਰ ਨੂੰ ਜਾਗਣ ਦੀ ਲੋੜ ਹੈ। ਸਰਕਾਰ ਦੇ ਇਸ ਬਜਟ ਵਿੱਚ ਕੋਈ ਨਿਸ਼ਾਨਾ ਜਾਂ ਟੀਚਾ ਨਹੀਂ ਹੈ। ਜੇ ਤੁਸੀਂ 10 ਸਾਲਾਂ ਤੋਂ ਸਰਕਾਰ ਚਲਾ ਰਹੇ ਹੋ ਤਾਂ ਤੁਹਾਡੇ ਕੋਲ ਰੋਡਮੈਪ ਹੋਣਾ ਚਾਹੀਦਾ ਹੈ। ਅੱਜ ਬੇਰੁਜ਼ਗਾਰੀ ਦੀ ਦਰ 7.2 ਤੋਂ ਵੱਧ ਕੇ 9 ਫੀਸਦ ਹੋ ਗਈ ਹੈ। ਤੁਹਾਡਾ ਕਾਰਪੋਰੇਟ ਮੁਨਾਫਾ ਵਧਿਆ ਹੈ ਪਰ ਰੁਜ਼ਗਾਰ ਨਹੀਂ ਵਧਿਆ। ਖਾਦ ਸਬਸਿਡੀ ਵਿੱਚ 36 ਫੀਸਦੀ ਦੀ ਕਟੌਤੀ ਕੀਤੀ ਗਈ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਆਪਣੇ ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਦੀ ਹੈ ਜਦਕਿ ਕੇਂਦਰ ਸਰਕਾਰ ਆਪਣੇ ਬਜਟ ਦਾ ਦੋ ਫੀਸਦੀ ਤੋਂ ਵੀ ਘੱਟ ਸਿੱਖਿਆ ਖੇਤਰ ਨੂੰ ਦਿੰਦੀ ਹੈ। ਭਾਜਪਾ ਦੇਸ਼ ਦੇ ਨੌਜਵਾਨਾਂ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ। ਦਿੱਲੀ ਸਰਕਾਰ ਆਪਣੇ ਬਜਟ ਦਾ 15 ਫੀਸਦੀ ਸਿਹਤ ਖੇਤਰ ਨੂੰ ਦਿੰਦੀ ਹੈ, ਜਦਕਿ ਕੇਂਦਰ ਸਰਕਾਰ ਆਪਣੇ ਬਜਟ ਦਾ ਇਕ ਫੀਸਦੀ ਤੋਂ ਵੀ ਘੱਟ ਸਿਹਤ ਨੂੰ ਦਿੰਦੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਆਯੁਸ਼ਮਾਨ ਭਾਰਤ ਲਈ 7000 ਕਰੋੜ ਰੁਪਏ ਦਾ ਬਜਟ ਰੱਖਦੇ ਹੋ ਜਦੋਂ ਕਿ ਇਕੱਲੀ ਦਿੱਲੀ ਸਰਕਾਰ ਦਾ ਸਿਹਤ ਬਜਟ 9000 ਕਰੋੜ ਰੁਪਏ ਹੈ। ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨਾਲ ਕਿਹੋ ਜਿਹਾ ਮਜ਼ਾਕ ਕਰ ਰਹੀ ਹੈ? ਉਨ੍ਹਾਂ ਨੂੰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਹੈ, ਉਹ ਸਿਰਫ਼ ਆਪਣੀ ਕੁਰਸੀ ਬਚਾਉਣਾ ਚਾਹੁੰਦੇ ਹਨ।’’ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੰਡੀਆ’ ਗੱਠਜੋੜ ਦੀ ਬੈਠਕ ਵਿੱਚ ਉਨ੍ਹਾਂ ਨੀਤੀ ਆਯੋਗ ਦੀ ਮੀਟਿੰਗ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਦਾ ਮੁੱਦਾ ਉਠਿਆ ਸੀ।
ਉਨ੍ਹਾਂ ਕਿਹਾ ਸੀ ਕਿ ਨੀਤੀ ਆਯੋਗ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਸੱਦਾ ਦਿੱਤਾ ਜਾਂਦਾ ਹੈ ਪਰ ਉਸ ਮੀਟਿੰਗ ’ਚੋਂ ਕੁਝ ਨਹੀਂ ਨਿਕਲਦਾ। ਮੀਟਿੰਗ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਕੁੱਝ ਵੀ ਲਾਗੂ ਨਹੀਂ ਕੀਤਾ ਜਾਂਦਾ।