ਕਿਸਾਨਾਂ ਤੋਂ ਖੇਤੀ ਕਾਨੂੰਨਾਂ ਦਾ ਬਦਲਾ ਲੈ ਰਿਹੈ ਕੇਂਦਰ: ਕੰਗ
10:36 AM Nov 08, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ
ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਰਨਾਟਕ ’ਚ ਪੰਜਾਬ ਦੇ ਚੌਲਾਂ ਦੇ ਸੈਂਪਲ ਨੂੰ ਰੱਦ ਕਰਨ ਬਾਰੇ ਕਿਹਾ ਕਿ ਹਰ ਸਾਲ ਝੋਨਾ ਖ਼ਰੀਦਣ ਤੋਂ ਪਹਿਲਾਂ ਐੱਫ.ਸੀ.ਆਈ. ਉਸ ਦੀ ਗੁਣਵੱਤਾ ਦੀ ਜਾਂਚ ਕਰਦੀ ਹੈ ਅਤੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਖ਼ਰੀਦਦੀ ਹੈ। ਇਸ ਦੇ ਬਾਵਜੂਦ ਕਰਨਾਟਕ ਦੀ ਐੱਫਸੀਆਈ ਡਿਵੀਜ਼ਨ ਨੇ ਸੈਂਪਲ ਫੇਲ੍ਹ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਕਰਨਾਟਕ ਦਾ ਪੰਜਾਬ ਦੇ ਚੌਲਾਂ ਨੂੰ ਲੈ ਕੇ ਜੋ ਵਤੀਰਾ ਹੈ, ਉਸਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਖ਼ਿਲਾਫ਼ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਬਦਲਾ ਲੈਣ ਲਈ ਕੀਤਾ ਜਾ ਰਿਹਾ ਹੈ।ਸ੍ਰੀ ਕੰਗ ਨੇ ਕੇਂਦਰ ਸਰਕਾਰ ’ਤੇ ਪਿਛਲੇ ਦਰਵਾਜ਼ੇ ਰਾਹੀਂ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ।
Advertisement
Advertisement