ਕੇਂਦਰ ਵੱਲੋਂ ਤ੍ਰਿਪੁਰਾ ਦੇ ਦੋ ਬਾਗ਼ੀ ਗਰੁੱਪਾਂ ਨਾਲ ਸ਼ਾਂਤੀ ਸਮਝੌਤਾ ਸਹੀਬੰਦ
ਨਵੀਂ ਦਿੱਲੀ, 4 ਸਤੰਬਰ
Peace pact with 2 insurgent groups of Tripura: ਕੇਂਦਰ ਅਤੇ ਤ੍ਰਿਪੁਰਾ ਸਰਕਾਰਾਂ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਤ੍ਰਿਪੁਰਾ ਦੇ ਦੋ ਬਾਗ਼ੀ ਗਰੁੱਪਾਂ ਐੱਨਐੱਲਐੱਫਟੀ ਅਤੇ ਏਟੀਟੀਐੱਫ ਨਾਲ ਸ਼ਾਂਤੀ ਸਮਝੌਤਾ ਸਹੀਬੰਦ ਕੀਤਾ ਹੈ ਤਾਂ ਕਿ ਮੁਲਕ ਦੇ ਇਸ ਉੱਤਰਪੂਰਬੀ ਸੂਬੇ ਵਿਚ ਹਿੰਸਾ ਦਾ ਖ਼ਾਤਮਾ ਕਰ ਕੇ ਅਮਨ ਬਹਾਲ ਕੀਤਾ ਜਾ ਸਕੇ।
ਨੈਸ਼ਨਲ ਲਿਬਰੇਸ਼ਨ ਫਰੰਟ ਆਫ਼ ਤ੍ਰਿਪੁਰਾ (ਐੱਨਐੱਲਐੱਫਟੀ) ਅਤੇ ਆਲ ਤ੍ਰਿਪੁਰਾ ਟਾਈਗਰ ਫੋਰਸ (ਏਟੀਟੀਐੱਫ) ਦੇ ਨੁਮਾਇੰਦਿਆਂ ਨਾਲ ਸਮਝੌਤਾ ਪੱਤਰਾਂ ਉਤੇ ਦਸਤਖ਼ਤ ਕੀਤੇ ਜਾਣ ਸਮੇਂ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸਮਝੌਤੇ ਉਤੇ ਭਾਰਤ ਸਰਕਾਰ, ਤ੍ਰਿਪੁਰਾ ਸਰਕਾਰ ਅਤੇ ਦੋਵਾਂ ਗਰੁੱਪਾਂ ਦੇ ਨੁਮਾਇੰਦਿਆਂ ਨੇ ਦਸਤਖ਼ਤ ਕੀਤੇ ਹਨ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਉੱਤਰਪੂਰਬੀ ਖ਼ਿੱਤੇ ਦੀ ਸ਼ਾਂਤੀ ਤੇ ਵਿਕਾਸ ਨੂੰ ਸਿਖਰਲੀ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ, ‘‘ਉੱਤਰਪੂਰਬ ਵਿਚ ਸਹੀਬੰਦ ਕੀਤੇ ਗਏ ਸਾਰੇ ਇਕਰਾਰਨਾਮਿਆਂ ਨੂੰ ਸਰਕਾਰ ਨੇ ਅਮਲੀ ਰੂਪ ਦਿੱਤਾ ਹੈ।’’ -ਪੀਟੀਆਈ