ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ ਕੇਂਦਰ ਨਹੀਂ ਦੇ ਰਿਹਾ ਸਹਿਯੋਗ: ਗੋਪਾਲ ਰਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਸਰਦੀਆਂ ਦੇ ਮੌਸਮ ਦੌਰਾਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਹਿਯੋਗ ਨਾ ਦਿੱਤੇ ਜਾਣ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ ਵਿਰੋਧ ਨਾਲ ਨਹੀਂ, ਸਾਰਿਆਂ ਦੇ ਸਹਿਯੋਗ ਨਾਲ ਘਟਾਇਆ ਜਾਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਕਲੀ ਮੀਂਹ (ਕਲਾਊਡ ਸੀਡਿੰਗ) ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹਾਂ, ਪਰ ਇਸ ਲਈ ਬਹੁਤ ਸਾਰੀਆਂ ਮਨਜ਼ੂਰੀਆਂ ਦੀ ਲੋੜ ਹੁੰਦੀ ਹੈ, ਜੋ ਸਿਰਫ਼ ਕੇਂਦਰ ਹੀ ਦੇ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਦਿੱਲੀ ਦਾ ਏਕਿਊਆਈ ਪੂਰੇ ਅਗਸਤ ਦੌਰਾਨ 50-70 ਦੇ ਵਿਚਕਾਰ ਰਿਹਾ ਕਿਉਂਕਿ ਲਗਾਤਾਰ ਮੀਂਹ ਪੈਣ ਕਾਰਨ ਪ੍ਰਦੂਸ਼ਣ ਦੇ ਸਰੋਤ ਬੇਅਸਰ ਹੋ ਗਏ ਸਨ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਲਈ ਅਸੀਂ ਸਰਦੀਆਂ ਵਿੱਚ ਪ੍ਰਦੂਸ਼ਣ ਵਧਣ ’ਤੇ ਨਕਲੀ ਵਰਖਾ ਕਰਵਾਉਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਚੀਨ ਵਿੱਚ ਓਲੰਪਿਕ ਖੇਡਾਂ ਦੌਰਾਨ, ਮਲੇਸ਼ੀਆ ਵਿੱਚ ਜੰਗਲ ਦੀ ਅੱਗ ਦੌਰਾਨ ਅਤੇ ਲਾਹੌਰ, ਪਾਕਿਸਤਾਨ ਵਿੱਚ ਜਦੋਂ ਏਕਿਊਆਈ ਵਧਿਆ ਸੀ ਤਾਂ ਨਕਲੀ ਮੀਂਹ ਪਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ ਸਾਰਿਆਂ ਦੇ ਸਹਿਯੋਗ ਨਾਲ ਘਟੇਗਾ-ਵਿਰੋਧ ਨਾਲ ਨਹੀਂ, ਕੇਂਦਰ ਦੀ ਭਾਜਪਾ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕੇਂਦਰੀ ਵਾਤਾਵਰਨ ਮੰਤਰੀ ਨੂੰ ਦਿੱਲੀ ਵਿੱਚ ਨਕਲੀ ਮੀਂਹ ਬਾਰੇ ਮੀਟਿੰਗ ਕਰਨ ਲਈ ਪੱਤਰ ਲਿਖਿਆ ਤਾਂ ਭਾਜਪਾ ਭੜਕ ਗਈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਦੀ ਸਮੱਸਿਆ ਐੱਨਸੀਆਰ ਰਾਜਾਂ ਦੀ ਸਾਂਝੀ ਸਮੱਸਿਆ ਹੈ ਅਤੇ ਇਸ ਨੂੰ ਸਾਂਝੇ ਯਤਨਾਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਦਿੱਲੀ ਵਿਚ ਸਿਰਫ 31 ਫੀਸਦੀ ਪ੍ਰਦੂਸ਼ਣ ਅੰਦਰੂਨੀ ਸਰੋਤਾਂ ਤੋਂ ਹੈ, ਬਾਕੀ 69 ਫ਼ੀਸਦੀ ਪ੍ਰਦੂਸ਼ਣ ਭਾਜਪਾ ਸ਼ਾਸਤ ਰਾਜਾਂ ਯੂਪੀ, ਹਰਿਆਣਾ ਅਤੇ ਰਾਜਸਥਾਨ ਤੋਂ ਆਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਦੀ ਬਦੌਲਤ 2023 ਵਿਚ ਚੰਗੀ ਹਵਾ ਦੇ ਦਿਨਾਂ ਦੀ ਗਿਣਤੀ 206 ਹੋ ਗਈ ਹੈ, ਜਦੋਂਕਿ 2016 ਵਿਚ ਇਹ ਸਿਰਫ 110 ਦਿਨ ਸਨ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਭਾਜਪਾ ਅਤੇ ਕਾਂਗਰਸ ਨੂੰ ਦਿੱਲੀ ਵਿਚ ਪ੍ਰਦੂਸ਼ਣ ਘਟਾਉਣ ਲਈ ਦਿੱਲੀ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਬਾਰੇ ਤੱਥਾਂ ਦੇ ਨਾਲ ਪੱਤਰ ਲਿਖਣਗੇ ਕਿ ਦਿੱਲੀ ਦਾ ਸਰਦ ਰੁੱਤ ਐਕਸ਼ਨ ਪਲਾਨ ਤਿਆਰ ਕਰਨ ਲਈ 5 ਸਤੰਬਰ ਨੂੰ ਮੀਟਿੰਗ ਹੈ, ਭਾਜਪਾ ਅਤੇ ਕਾਂਗਰਸ ਵੀ ਆਪਣੇ ਸੁਝਾਅ ਦੇਣ।