ਪੰਜਾਬ ਨੂੰ ਵਿੱਤੀ ਸੰਕਟ ’ਚ ਧੱਕ ਰਿਹੈ ਕੇਂਦਰ: ਸਿਮਰਨਜੀਤ ਮਾਨ
ਖੇਤਰੀ ਪ੍ਰਤੀਨਿਧ
ਬਰਨਾਲਾ, 11 ਨਵੰਬਰ
ਅਕਾਲੀ ਦਲ (ਅ) ਦੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਲੜ ਰਹੇ ਪਾਰਟੀ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਹੱਕ ’ਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰਚਾਰ ਕੀਤਾ। ਇੱਥੇ 22 ਏਕੜ ਸਕੀਮ ’ਚ ਸਿਮਰਨਜੀਤ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਕਾਰੋਬਾਰਾਂ ਨੂੰ ਖਤਮ ਕਰਨ ਲਈ ਬਹੁਤ ਵੱਡੇ ਪੱਧਰ ’ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੜ੍ਹੇ ਲਿਖੇ, ਸੂਝਵਾਨ ਤੇ ਨੌਜਵਾਨ ਆਗੂਆਂ ਦੀ ਲੋੜ ਹੈ ਅਤੇ ਇਹ ਸਾਰੇ ਗੁਣ ਗੋਵਿੰਦ ਸਿੰਘ ਸੰਧੂ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਹਲਕੇ ਦੀ ਬਿਹਤਰੀ ਅਤੇ ਪੰਜਾਬ ਦੀ ਕੁਰਾਹੇ ਪੈ ਰਹੀ ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਗੋਵਿੰਦ ਸਿੰਘ ਸੰਧੂ ਯੋਗ ਉਮੀਦਵਾਰ ਹਨ, ਦਾ ਬਰਨਾਲੇ ਦੇ ਲੋਕ ਸਾਥ ਦੇਣ। ਉਨ੍ਹਾਂ ਪਰਿਵਾਰਵਾਦ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਗੋਵਿੰਦ ਸਿੰਘ ਸੰਧੂ ਨੂੰ ਉਨ੍ਹਾਂ (ਮਾਨ) ਦਾ ਦੋਹਤਾ ਹੋਣ ਕਾਰਨ ਨਹੀਂ ਬਲਕਿ ਕਾਬਲੀਅਤ ਦੇ ਆਧਾਰ ’ਤੇ ਅਤੇ ਪਾਰਟੀ ਦੀ ਪੂਰਨ ਸਹਿਮਤੀ ਕਾਰਨ ਟਿਕਟ ਦਿੱਤੀ ਗਈ ਹੈ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੋਲ ਕੇ ਪੰਜਾਬ ਦੀ ਆਰਥਿਕਤਾ ਤਬਾਹ ਕਰਨ ਦੇ ਰਾਹ ਪਈਆਂ ਹੋਈਆਂ ਹਨ। ਉਨ੍ਹਾਂ ਪਾਕਿਸਤਾਨ ਦੇ ਬਾਰਡਰ ਖੋਲ੍ਹਣ ਦੀ ਮੰਗ ਕੀਤੀ ਤੇ ਕਿਹਾ ਕਿ ਉੱਥੇ ਝੋਨਾ ਸਾਢੇ ਅੱਠ ਹਜ਼ਾਰ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਜਿਸ ਦਾ ਲਾਭ ਸੂਬੇ ਦੇ ਕਿਸਾਨ ਮਜ਼ਦੂਰ ਨੂੰ ਮਿਲੇਗਾ। ਲੱਖਾ ਸਿਧਾਣਾ ਨੇ ਕਿਹਾ ਕਿ ਗੋਵਿੰਦ ਸਿੰਘ ਸੰਧੂ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਸਿਆਸਤ ਵਿੱਚ ਆਏ ਹਨ। ਗੋਵਿੰਦ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਹਾਲਾਤ ਬਹੁਤ ਹੀ ਮਾੜੇ ਹਨ। ਹਰ ਵਰਗ ਦੇ ਲੋਕ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹਨ। ਉਨ੍ਹਾਂ ਕਿ ਉਹ ਠੱਗਾਂ ਤੋਂ ਪੰਜਾਬ ਨੂੰ ਬਚਾਉਣ ਦਾ ਸੰਕਲਪ ਲੈ ਕੇ ਤੁਰੇ ਹਨ, ਜਿਸ ਲਈ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਬੀਬੀ ਨਵਜੋਤ ਕੌਰ ਲੰਬੀ ਸਮੇਤ ਸਥਾਨਕ ਆਗੂ ਅਤੇ ਵਰਕਰ ਹਾਜ਼ਰ ਸਨ।