ਪੰਜਾਬ ਦੇ ਕਿਸਾਨਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕਰ ਰਿਹੈ ਕੇਂਦਰ: ਅਮਰ ਸਿੰਘ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਅਕਤੂਬਰ
ਸ੍ਰੀ ਫਤਹਿਗੜ੍ਹ ਤੋਂ ਸੰਸਦ ਮੈਂਬਰ ਅਮਰ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਲਕੇ ਦੀਆਂ ਮੰਡੀਆਂ ਦਾ ਦੌਰਾ ਕਰ ਰਹੇ ਹਨ ਅਤੇ ਪਹਿਲੀ ਵਾਰ ਕਿਸਾਨਾਂ ਦੇ ਇੰਨੇ ਮਾੜੇ ਹਾਲਾਤ ਦੇਖੇ ਹਨ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਵੀਂ ਫ਼ਸਲ ਲਈ ਸਮੇਂ ਤੋਂ ਪਹਿਲਾਂ ਗੁਦਾਮ ਖ਼ਾਲੀ ਕਰਨ ਅਤੇ ਡੀਏਪੀ ਦੀ ਤੋਟ ਦੀ ਸਮੱਸਿਆ ਦਾ ਮੁੱਦਾ ਕੇਂਦਰ ਕੋਲ ਚੁੱਕਿਆ ਸੀ, ਪਰ ਹੁਣ ਜਾਣ-ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਦਸ-ਦਸ ਦਿਨਾਂ ਤੋਂ ਫ਼ਸਲ ਵੇਚਣ ਦੇ ਇੰਤਜ਼ਾਰ ਵਿੱਚ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ।
ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਜੁਲਾਈ ਮਹੀਨੇ ਹੀ ਕੇਂਦਰੀ ਮੰਤਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਅਗਲੀ ਫ਼ਸਲ ਆਉਣ ਤੋਂ ਪਹਿਲਾਂ ਪਿਛਲੇ ਸਾਲ ਦੇ ਅਨਾਜ ਨਾਲ ਭਰੇ ਗੁਦਾਮਾਂ ਨੂੰ ਸਮਾਂ ਰਹਿੰਦਿਆਂ ਖਾਲੀ ਕਰਵਾ ਲਿਆ ਜਾਵੇ ਪਰ ਅਜਿਹਾ ਨਾ ਕਰ ਕੇ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਡੀਏਪੀ ਖਾਦ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੇਂਦਰੀ ਖਾਦ ਮੰਤਰੀ ਜੇਪੀ ਨੱਢਾ ਨਾਲ ਮੁਲਾਕਾਤ ਕਰ ਕੇ ਇਹ ਮਸਲਾ ਧਿਆਨ ਵਿਚ ਲਿਆਂਦਾ ਸੀ ਕਿ ਰੂਸ-ਯੂਕਰੇਨ ਜੰਗ ਕਾਰਨ ਖਾਦ ਦੀ ਤੋਟ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾ ਕੇਂਦਰ ਤੋਂ, ਨਾ ਹੀ ਪੰਜਾਬ ਸਰਕਾਰ ਤੋਂ ਰਾਹਤ ਮਿਲ ਰਹੀ ਹੈ।