ਕੇਂਦਰ ਨੇ ਕਿਸਾਨਾਂ ਨਾਲ ਕੀਤਾ ਕੋਈ ਵਾਅਦਾ ਨਹੀਂ ਨਿਭਾਇਆ: ਟਿਕੈਤ
ਜਗਤਾਰ ਸਮਾਲਸਰ
ਏਲਨਾਬਾਦ, 3 ਜੁਲਾਈ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਤਹਿਸੀਲ ਕੰਪਲੈਕਸ ਨਾਥੂਸਰੀ ਚੌਪਟਾ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਕਿਸਾਨਾਂ ਦੇ ਧਰਨੇ ਵਿੱਚ ਸ਼ਿਰਕਤ ਕੀਤੀ। ਕਿਸਾਨ-ਮਜ਼ਦੂਰ ਰੈਲੀ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਉਦਯੋਗਪਤੀ ਘਰਾਣਿਆਂ ਦੀ ਸਰਕਾਰ ਹੈ। ਇਸ ਕਰਕੇ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਵਿੱਖ ਵਿੱਚ ਅਜਿਹੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ, ਜਿਸ ਤਹਿਤ 2047 ਤੱਕ ਕਿਸਾਨਾਂ ਦੀਆਂ 70 ਫ਼ੀਸਦ ਜ਼ਮੀਨਾਂ ਉਦਯੋਗਪਤੀਆਂ ਦੇ ਕਬਜ਼ੇ ਹੇਠ ਆ ਜਾਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਮੀਨਾਂ ਨੂੰ ਬਚਾਉਣ ਲਈ ਕਿਸਾਨਾਂ ਦਾ ਸੰਘਰਸ਼ ਹੀ ਇਸ ਵੇਲੇ ਦੀ ਮੁੱਖ ਲੋਡ਼ ਹੈ ਕਿਉਂਕਿ ਇਹੀ ਇੱਕਲੌਤਾ ਐਸਾ ਰਾਹ ਹੈ, ਜੋ ਕਿਸਾਨਾਂ ਦੀਆਂ ਜ਼ਮੀਨਾ ਖੋਹੇ ਜਾਣ ਤੋਂ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ।
ਇਸ ਮੌਕੇ ਕਿਸਾਨ ਕਮੇਟੀ ਨੇ ਤਹਿਸੀਲ ਕੰਪਲੈਕਸ ਦੀ ਤਾਲਾਬੰਦੀ ਕਰਨ ਦਾ ਐਲਾਨ ਕੀਤਾ, ਜਿਸ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਏਲਨਾਬਾਦ ਦੇ ਐੱਸਡੀਐੱਮ ਵੇਦ ਪ੍ਰਕਾਸ਼ ਬੈਨੀਵਾਲ, ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਰੈਲੀ ਵਾਲੀ ਥਾਂ ’ਤੇ ਪਹੁੰਚੇ। ਇਸ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ 7 ਦਿਨ ਦਾ ਸਮਾਂ ਮੰਗਿਆ ਗਿਆ ਪਰ ਕਿਸਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ਮੰਗ ਨੂੰ ਠੁਕਰਾ ਕੇ ਆਪਣੀ ਮੰਗ ’ਤੇ ਅਡ਼ੇ ਰਹੇ। ਇਸ ਮੌਕੇ ਕਿਸਾਨ ਅਾਗੂ ਰਤਨ ਮਾਨ, ਰਵੀ ਆਜ਼ਾਦ, ਸਰਪੰਚ ਐਸੋਸੀਏਸ਼ਨ ਦੀ ਸੂਬਾਈ ਉਪ-ਪ੍ਰਧਾਨ ਸੰਤੋਸ਼ ਬੈਨੀਵਾਲ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਅਮਨ ਬੈਨੀਵਾਲ, ਜ਼ਿਲ੍ਹਾ ਪ੍ਰਧਾਨ ਭਰਤ ਸਿੰਘ, ਨਰਿੰਦਰ ਸਹਾਰਨ, ਨੰਦ ਲਾਲ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬਾਬੇ ਤੇ ਬੀਬੀਆਂ ਮੌਜੂਦ ਸਨ।