ਕੇਂਦਰ ਨੇ ਰਾਜਪਾਲਾਂ ਦੀ ਭੂਮਿਕਾ ਤਰਸਯੋਗ ਬਣਾਈ: ਸਿੰਘਵੀ
ਨਵੀਂ ਦਿੱਲੀ, 2 ਸਤੰਬਰ
ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੇ ਮੈਂਬਰ ਅਭਿਸ਼ੇਕ ਸਿੰਘਵੀ ਨੇ ਅੱਜ ਕੇਂਦਰ ਸਰਕਾਰ ’ਤੇ ਰਾਜਪਾਲਾਂ ਦੀ ਭੂਮਿਕਾ ਤਰਸਯੋਗ ਬਣਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਜਾਂ ਤਾਂ ਰਾਜਪਾਲ ਦਾ ਅਹੁਦਾ ਖਤਮ ਕਰ ਦਿੱਤਾ ਜਾਵੇ ਜਾਂ ਫਿਰ ਸਾਰਿਆਂ ਦੀ ਸਹਿਮਤੀ ਨਾਲ ਅਜਿਹੇ ਵਿਅਕਤੀ ਦੀ ਨਿਯੁਕਤੀ ਹੋਵੇ ਜੋ ਹੋਛੀ ਸਿਆਸਤ ’ਚ ਸ਼ਾਮਲ ਨਾ ਹੋਵੇ।
ਉਨ੍ਹਾਂ ਪੀਟੀਆਈ ਨਾਲ ਇੱਕ ਇੰਟਰਵਿਊ ਦੌਰਾਨ ਸੰਸਦੀ ਸੁਧਾਰਾਂ ’ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਦਨ ਦੀ ਕਾਰਵਾਈ ਚਲਾਉਣ ਵਾਲਾ ਅਧਿਕਾਰੀ ਪਾਰਟੀ ਭਾਵਨਾ ਤੋਂ ਉੱਪਰ ਉੱਠ ਕੇ ਕੰਮ ਕਰੇ। ਤਿਲੰਗਾਨਾ ਤੋਂ ਹਾਲ ਹੀ ਵਿੱਚ ਰਾਜ ਸਭਾ ਲਈ ਚੁਣੇ ਗਏ ਸਿੰਘਵੀ ਨੇ ਸੰਸਦ ’ਚ ਸਦਨ ਦੀ ਕਾਰਵਾਈ ਚਲਾਉਣ ਵਾਲੇ ਅਧਿਕਾਰੀ ਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ।
ਇਸੇ ਦੌਰਾਨ ਸਿੰਘਵੀ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ‘ਗੰਭੀਰਤਾ’ ਤੇ ਮੁੱਦਿਆਂ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੌ ਫੀਸਦ ਹੱਕਦਾਰ ਹੋਣਗੇ। -ਪੀਟੀਆਈ