ਕੇਂਦਰ ਵੱਲੋਂ ਗੈਰਕਾਨੂੰਨੀ ਖਾਤਿਆਂ ਬਾਰੇ ਦਿਸ਼ਾ ਨਿਰਦੇਸ਼
ਨਵੀਂ ਦਿੱਲੀ, 28 ਅਕਤੂਬਰ
Cybercriminals using mule accounts to set up illegal payment gateways for money laundering: MHA: ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਕੌਮਾਂਤਰੀ ਗਰੋਹਾਂ ਦੇ ਗੈਰਕਾਨੂੰਨੀ ਗੇਟਵੇਅ ਭੁਗਤਾਨਾਂ ਬਾਰੇ ਅਲਰਟ ਜਾਰੀ ਕੀਤਾ ਹੈ ਜੋ ਮਿਊਲ ਖਾਤਿਆਂ (ਗੈਰਕਾਨੂੰਨੀ ਢੰਗ ਨਾਲ ਆਨਲਾਈਨ ਪੈਸੇ ਦਾ ਲੈਣ ਦੇਣ ਕਰਨ ਵਾਲੇ ਖਾਤੇ) ਦੀ ਵਰਤੋਂ ਕਰਕੇ ਲੋਕਾਂ ਤੋਂ ਆਨਲਾਈਨ ਪੈਸੇ ਠੱਗਦੇ ਹਨ ਤੇ ਇਨ੍ਹਾਂ ਖਾਤਿਆਂ ਦੀ ਵਰਤੋਂ ਮਨੀ ਲਾਂਡਰਿੰਗ ਲਈ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਵਿਚ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਪੁਲੀਸ ਛਾਪਿਆਂ ਵਿਚ ਪਤਾ ਲੱਗਿਆ ਕਿ ਇਸ ਗਰੋਹ ਨੇ ਕਈ ਮਿਊਲ ਖਾਤੇ ਤੇ ਹੋਰਾਂ ਦੇ ਨਾਂ ’ਤੇ ਬਣਾਏ ਖਾਤਿਆਂ ਦੀ ਵਰਤੋਂ ਕਰ ਕੇ ਗੈਰਕਾਨੂੰਨੀ ਢੰਗ ਨਾਲ ਡਿਜੀਟਲ ਪੇਅਮੈਂਟ ਗੇਟਵੇਅ ਬਣਾਏ ਹਨ ਜਿਨ੍ਹਾਂ ਜ਼ਰੀਏ ਕਾਲੇ ਧਨ ਦਾ ਲੈਣ ਦੇਣ ਕੀਤਾ ਜਾਂਦਾ ਹੈ।
ਇਹ ਗੇਟਵੇਅ ਪੀਸ ਪੇਅ, ਆਰਟੀਐਕਸ ਪੇਅ, ਪੋਕੋ ਪੇਅ ਤੇ ਆਰਪੀਪੇਅ ਆਦਿ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਤੇ ਕੰਪਨੀ ਰਜਿਸਟ੍ਰੇਸ਼ਨ ਸਰਟੀਫਿਕੇਟ ਆਦਿ ਕਿਸੇ ਨੂੰ ਨਾ ਹੀ ਵੇਚਣ ਤੇ ਨਾ ਹੀ ਕਿਰਾਏ ’ਤੇ ਦੇਣ। ਅਜਿਹੇ ਬੈਂਕ ਖਾਤਿਆਂ ਵਿੱਚ ਗੈਰਕਾਨੂੰਨੀ ਫੰਡ ਜਮ੍ਹਾਂ ਹੋਣ ’ਤੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲਾ ਅਜਿਹੇ ਖਾਤਿਆਂ ਦੀ ਪਛਾਣ ਕਰ ਰਿਹਾ ਹੈ। ਪੀਟੀਆਈ