ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾ ਰਿਹੈ ਕੇਂਦਰ: ਸੰਧਵਾਂ
ਸੰਜੀਵ ਤੇਜਪਾਲ
ਮੋਰਿੰਡਾ, 22 ਅਕਤੂਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਗੁਦਾਮਾਂ ਤੇ ਸ਼ੈੱਲਰਾਂ ਵਿੱਚ ਪਏ ਪਿੱਛਲੇ ਸਾਲ ਦੇ ਝੋਨੇ ਦੀ ਚੁਕਾਈ ਨਾ ਕਰਵਾ ਕੇ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਅਜਿਹਾ ਕਰ ਕੇ ਕਿਸਾਨਾਂ ਤੋਂ ਕਿਸਾਨੀ ਅੰਦੋਲਨ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਸ੍ਰੀ ਸੰਧਵਾਂ ਨੇ ਅੱਜ ਮੋਰਿੰਡਾ ਅਨਾਜ ਮੰਡੀ ’ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਸ੍ਰੀ ਸੰਧਵਾਂ ਨੇ ਕਿਹਾ ਕਿ ਕੇਂਦਰ ਦੀਆਂ ਗ਼ਲਤ ਨੀਤੀਆਂ ਕਾਰਨ ਝੋਨੇ ਦੀ ਖ਼ਰੀਦ ਅਤੇ ਚੁਕਾਈ ਵਿੱਚ ਖੜ੍ਹੋਤ ਆਈ ਹੈ। ਕਿਸਾਨਾਂ ਦੇ ਧਰਨਿਆਂ ਬਾਰੇ ਸਵਾਲ ’ਤੇ ਸ੍ਰੀ ਸੰਧਵਾਂ ਨੇ ਕਿਹਾ ਕਿ ਧਰਨੇ ਲਗਾਉਣੇ ਹਰ ਜਥੇਬੰਦੀ ਦਾ ਜਮਹੂਰੀ ਹੱਕ ਹੈ।
ਇਸੇ ਦੌਰਾਨ ਕਿਸਾਨ ਆਗੂ ਰੱਖਾ ਸਿੰਘ ਦੁੱਮਣਾ ਨੇ ਸਪੀਕਰ ਨੂੰ ਦੱਸਿਆ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀਆਂ ਅਤੇ ਖੇਤਾਂ ਵਿੱਚ ਰੁਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਆਲੂ, ਗੰਨਾ ਤੇ ਕਣਕ ਦੀ ਬਿਜਾਈ ਕੀਤੀ ਜਾਣੀ ਹੈ ਪਰ ਮਾਰਕੀਟ ਵਿੱਚ ਡੀਏਪੀ ਦੀ ਭਾਰੀ ਕਮੀ ਹੈ। ਕਿਸਾਨ ਅਜਾਇਬ ਸਿੰਘ ਨੇ ਦੱਸਿਆ ਕਿ ਉਹ ਮੰਡੀ ਵਿੱਚ ਪਿਛਲੇ 10 ਦਿਨਾਂ ਤੋਂ ਬੈਠੇ ਹਨ।
ਇਸ ਮੌਕੇ ਐੱਸਡੀਐੱਮ ਮੋਰਿੰਡਾ ਸੁਖਪਾਲ ਸਿੰਘ ਨੇ ਸਪੀਕਰ ਨੂੰ ਦੱਸਿਆ ਕਿ ਮੋਰਿੰਡਾ ਵਿੱਚ 14 ਸ਼ੈਲਰ ਹਨ। ਇਨ੍ਹਾਂ ਵਿੱਚੋਂ ਅੱਠ ਸ਼ੈੱਲਰ ਮਾਲਕਾਂ ਨਾਲ ਐਗਰੀਮੈਂਟ ਕੀਤੇ ਜਾ ਚੁੱਕੇ ਹਨ ਅਤੇ ਮੰਡੀ ਵਿੱਚੋਂ ਰੋਜ਼ਾਨਾ 35 ਤੋਂ 50 ਗੱਡੀਆਂ ਰਾਹੀਂ ਝੋਨੇ ਦੀ ਚੁਕਾਈ ਕੀਤੀ ਜਾ ਰਹੀ ਹੈ।
ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ
ਖਰੜ (ਸ਼ਸ਼ੀ ਪਾਲ ਜੈਨ): ਖਰੜ ਅਨਾਜ ਮੰਡੀ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਝੋਨੇ ਦੇ ਅੰਬਾਰ ਲੱਗ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਢਾਈ ਲੱਖ ਬੋਰੀ ਦੇ ਕਰੀਬ ਝੋਨਾ ਅਨਾਜ ਮੰਡੀ ਵਿੱਚ ਇਕੱਠਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਬਾਰਦਾਨਾ ਆ ਗਿਆ ਸੀ ਅਤੇ ਝੋਨੇ ਦੀ ਬੋਲੀ ਵੀ ਹੋਈ ਪਰ ਚੁਕਾਈ ਬਿਲਕੁਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹੋ ਹਾਲਤ ਪਿੰਡ ਰੁੜਕੀ ਵਿੱਚ ਬਣੀ ਹੋਈ ਹੈ। ਉੱਥੇ ਅਨਾਜ ਮੰਡੀ ਵਿਚ 1 ਲੱਖ ਬੋਰੀ ਦੇ ਕਰੀਬ ਝੋਨਾ ਖੁੱਲ੍ਹੇ ਵਿੱਚ ਪਿਆ ਹੈ। ਉਨ੍ਹਾਂ ਕਿਹਾ ਕਿ ਜੇ ਬਾਰਸ਼ ਆ ਗਈ ਤਾਂ ਝੋਨਾ ਖ਼ਰਾਬ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਝੋਨੇ ਦੀ ਚੁਕਾਈ ਦਾ ਪ੍ਰਬੰਧ ਕਰੇ।