For the best experience, open
https://m.punjabitribuneonline.com
on your mobile browser.
Advertisement

ਕੇਂਦਰ ਨੇ ਗਰੀਬਾਂ ਤੇ ਮੱਧ ਵਰਗ ਨਾਲ ਧੋਖਾ ਕੀਤਾ: ਖੜਗੇ

07:26 AM Aug 14, 2024 IST
ਕੇਂਦਰ ਨੇ ਗਰੀਬਾਂ ਤੇ ਮੱਧ ਵਰਗ ਨਾਲ ਧੋਖਾ ਕੀਤਾ  ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਲਈ ਪਹੁੰਚਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

* ਕਾਂਗਰਸ ਪ੍ਰਧਾਨ ਨੇ ਸੇਬੀ-ਅਡਾਨੀ ਮਾਮਲੇ ਦੀ ਜਾਂਚ ਮੰਗੀ
* ਪਾਰਟੀ ਵੱਲੋਂ ਅਹਿਮ ਮਸਲੇ ਲੈ ਕੇ ਜਨਤਾ ’ਚ ਜਾਣ ਦਾ ਐਲਾਨ

ਨਵੀਂ ਦਿੱਲੀ, 13 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੇਰੁਜ਼ਗਾਰੀ, ਮਹਿੰਗਾਈ ਤੇ ‘ਸੰਵਿਧਾਨ ’ਤੇ ਹਮਲਿਆਂ’ ਨੂੰ ਲੈ ਕੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਉਸ ’ਤੇ ਦੇਸ਼ ਦੇ ਗਰੀਬਾਂ ਤੇ ਮੱਧ ਵਰਗ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਹਿਮ ਮੁੱਦਿਆਂ ਨੂੰ ਲੈ ਕੇ ਮੁਹਿੰਮ ਸ਼ੁਰੂ ਕਰੇਗੀ ਅਤੇ ਜਨਤਾ ’ਚ ਜਾਵੇਗੀ। ਉਨ੍ਹਾਂ ਇਹ ਟਿੱਪਣੀ ਪਾਰਟੀ ਦੇ ਜਨਰਲ ਸਕੱਤਰਾਂ, ਸੂਬਾਈ ਇਕਾਈਆਂ ਦੇ ਮੁਖੀਆਂ ਤੇ ਸੂਬਾ ਇੰਚਾਰਜਾਂ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਹੋਰ ਜਥੇਬੰਦਕ ਮਸਲਿਆਂ ’ਤੇ ਚਰਚਾ ਲਈ ਸੱਦੀ ਮੀਟਿੰਗ ਦੌਰਾਨ ਕੀਤੀ। ਮੀਟਿੰਗ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਕਈ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ, ‘ਸੇਬੀ ਤੇ ਅਡਾਨੀ ਵਿਚਾਲੇ ਮਿਲੀਭੁਗਤ ਦੇ ਹੈਰਾਨ ਕਰਨ ਵਾਲੇ ਖੁਲਾਸਿਆਂ ਦੀ ਡੂੰਘੀ ਜਾਂਚ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਸ਼ੇਅਰ ਬਾਜ਼ਾਰ ’ਚ ਛੋਟੇ ਨਿਵੇਸ਼ਕਾਂ ਦਾ ਪੈਸਾ ਖਤਰੇ ’ਚ ਨਹੀਂ ਪਾਇਆ ਜਾ ਸਕਦਾ। ਮੋਦੀ ਸਰਕਾਰ ਨੂੰ ਤੁਰੰਤ ਸੇਬੀ ਮੁਖੀ ਤੋਂ ਅਸਤੀਫਾ ਮੰਗਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਜੇਪੀਸੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਵੱਲੋਂ ਸੰਵਿਧਾਨ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੇਸ਼ ’ਚ ਜਾਤੀ ਸਰਵੇਖਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਰੱਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਰੇਲਵੇ ਸੁਰੱਖਿਆ ਦੇ ਮਸਲੇ ’ਤੇ ਵੀ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਰੇਲ ਗੱਡੀਆਂ ਦਾ ਲੀਹੋਂ ਲੱਥਣਾ ਤਾਂ ਆਮ ਗੱਲ ਹੋ ਗਈ ਹੈ। -ਪੀਟੀਆਈ

Advertisement

ਸੇਬੀ ਮੁਖੀ ਦੇ ਅਸਤੀਫੇ ਲਈ 22 ਨੂੰ ਦੇਸ਼ ਪੱਧਰੀ ਮੁਜ਼ਾਹਰਾ

ਕਾਂਗਰਸ ਨੇ ਅੱਜ ਕਿਹਾ ਕਿ ਉਹ ਸੇਬੀ ਮੁਖੀ ਮਾਧਵੀ ਬੁਚ ਦੇ ਅਸਤੀਫੇ ਤੇ ਅਡਾਨੀ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਗਠਿਤ ਕਰਨ ਦੀ ਮੰਗ ਨੂੰ ਲੈ ਕੇ 22 ਅਗਸਤ ਨੂੰ ਦੇਸ਼ ਪੱਧਰੀ ਰੋਸ ਮੁਜ਼ਾਹਰਾ ਕਰੇਗੀ। ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ ਨੇ ਕਿਹਾ, ‘ਅਸੀਂ 22 ਅਗਸਤ ਨੂੰ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਦਰਸ਼ਨ ਦੋ ਮੰਗਾਂ ਲਈ ਹੋਵੇਗਾ। ਪਹਿਲੀ ਮੰਗ ਹੈ ਕਿ ਸੇਬੀ ਮੁਖੀ ਦਾ ਅਸਤੀਫਾ ਲਿਆ ਜਾਵੇ ਅਤੇ ਦੂਜੀ ਮੰਗ ਹੈ ਕਿ ਅਡਾਨੀ ਮਾਮਲੇ ਦੀ ਜਾਂਚ ਲਈ ਜੇਪੀਸੀ ਦਾ ਗਠਨ ਕੀਤਾ ਜਾਵੇ।’

ਅਡਾਨੀ ਗਰੁੱਪ ਖ਼ਿਲਾਫ਼ ਬਕਾਇਆ ਪਏ ਦੋ ਮਾਮਲਿਆਂ ਦੀ ਜਾਂਚ ਸਬੰਧੀ ਅਰਜ਼ੀ ਦਾਖ਼ਲ

ਨਵੀਂ ਦਿੱਲੀ:

ਸ਼ੇਅਰ ਕੀਮਤਾਂ ’ਚ ਹੇਰਾਫੇਰੀ ਦੇ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਨਾਲ ਸਬੰਧਤ ਦੋ ਬਕਾਇਆ ਮਾਮਲਿਆਂ ’ਚ ਮਾਰਕੀਟ ਰੈਗੂਲੇਟਰ ਸੇਬੀ ਨੂੰ ਆਪਣੀ ਜਾਂਚ ਛੇਤੀ ਮੁਕੰਮਲ ਕਰਨ ਦਾ ਨਿਰਦੇਸ਼ ਦੇਣ ਲਈ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਗਈ ਹੈ। ਸਿਖਰਲੀ ਅਦਾਲਤ ’ਚ ਇਹ ਨਵੀਂ ਅਰਜ਼ੀ ਵਿਸ਼ਾਲ ਤਿਵਾੜੀ ਨੇ ਦਾਖ਼ਲ ਕੀਤੀ ਹੈ ਜਿਸ ਨੇ ਪਿਛਲੇ ਸਾਲ ਵੀ ਹਿੰਡਨਬਰਗ ਦੀ ਰਿਪੋਰਟ ਆਉਣ ਮਗਰੋਂ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਸੀ। ਅਰਜ਼ੀਕਾਰ ਨੇ ਕਿਹਾ ਹੈ ਕਿ ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁਚ ਖ਼ਿਲਾਫ਼ ਹਿੰਡਨਬਰਗ ਰਿਸਰਚ ਦੀ ਨਵੀਂ ਰਿਪੋਰਟ ’ਚ ਲਾਏ ਗਏ ਦੋਸ਼ਾਂ ਨਾਲ ਆਮ ਲੋਕਾਂ ਅਤੇ ਨਿਵੇਸ਼ਕਾਂ ਦੇ ਮਨਾਂ ’ਚ ਸ਼ੱਕ ਦਾ ਮਾਹੌਲ ਬਣ ਗਿਆ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement