ਕਿਸਾਨਾਂ ਨਾਲ ਗੱਲਬਾਤ ਲਈ ਕੇਂਦਰ ਹਰ ਵੇਲੇ ਤਿਆਰ: ਸ਼ੇਖਾਵਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਥਾਂ-ਥਾਂ ’ਤੇ ਕਿਸਾਨ ਭਾਜਪਾ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛ ਰਹੇ ਹਨ। ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਸੰਘਰਸ਼ ਦੇ ਰਾਹ ’ਤੇ ਪਿਆ ਹੋਇਆ ਹੈ ਪਰ ਕੋਈ ਵੀ ਮਸਲਾ ਗੱਲਬਾਤ ਨਾਲ ਹੀ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਰ ਵੇਲੇ ਤਿਆਰ ਹੈ। ਕੇਂਦਰ ਸਰਕਾਰ ਦੇ ਦਰਵਾਜ਼ੇ ਕਿਸਾਨਾਂ ਲਈ ਹਰ ਵੇਲੇ ਖੁੱਲ੍ਹੇ ਹਨ। ਉਹ ਕਿਸੇ ਵੀ ਸਮੇਂ ਸਰਕਾਰ ਨਾਲ ਗੱਲਬਾਤ ਕਰ ਸਕਦੇ ਹਨ। ਸ਼ੇਖਾਵਤ ਨੇ ਕਿਹਾ ਕਿ ਉਹ ਬੀਤੇ ਦਿਨੀਂ ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ ਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰ ਕੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਦੇ ਵਿਕਾਸ ਏਜੰਡੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਸਾਰੀਆਂ 13 ਸੀਟਾਂ ’ਤੇ ਜਿੱਤ ਦਿਵਾਉਣਗੇ। ਇਸ ਮੌਕੇ ‘ਆਪ’ ਪੰਜਾਬ ਦੇ ਟਰੇਡ ਵਿੰਗ ਦੇ ਸੰਯੁਕਤ ਸਕੱਤਰ ਵਿਨੀਤ ਧੀਰ, ਵਿਕਾਸ ਗੁਪਤਾ, ਅਮਿਤ ਲੁੂਥਰਾ, ਧੀਰਜ ਭਗਤ, ਆਯੂਬ ਦੁੱਗਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੁਲਵੰਤ ਸਿੰਘ ਨਿਹੰਗ, ਐਡਵੋਕੇਟ ਪ੍ਰਭਜੋਤ ਸਿੰਘ, ਕਾਰੀ ਮੁਹੰਮਦ ਇਕਰਾਮ, ਸੁਰੇਸ਼ ਖੁਰਾਣਾ, ਗੋਲਡੀ ਭਗਤ, ਰਾਕੇਸ਼ ਭਗਤ ਤੇ ਹੋਰ ਭਾਜਪਾ ਵਿੱਚ ਸ਼ਾਮਲ ਹੋਏ।
ਪੰਜਾਬ ’ਚ ਕਾਂਗਰਸ ਆਖਰੀ ਸਾਹਾਂ ’ਤੇ: ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਆਖਰੀ ਸਾਹ ਲੈ ਰਹੀ ਹੈ। ਕਾਂਗਰਸ ਦੀ ਇਹ ਹਾਲਤ ਕਿਸੇ ਹੋਰ ਨੇ ਨਹੀਂ ਕੀਤੀ ਸਗੋਂ ਉਸੇ ਦੇ ਕੁਝ ਆਗੂਆਂ ਨੇ ਹੀ ਆਪਣੀ ਪਾਰਟੀ ਦੀਆਂ ਜੜ੍ਹਾਂ ਵੱਢੀਆਂ ਹਨ। ਉਨ੍ਹਾਂ ਕਿਹਾ ਕਿ ਮਰਹੂਮ ਚੌਧਰੀ ਸੰਤੋਸ਼ ਸਿੰਘ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੀ ਜ਼ਿੰਦਗੀ ਕਾਂਗਰਸ ਦੇ ਲੇਖੇ ਲਗਾ ਦਿੱਤੀ। ਉਨ੍ਹਾਂ ਦੇ ਪਰਿਵਾਰ ਨੇ 18 ਚੋਣਾਂ ਜਿੱਤੀਆਂ ਹਨ ਪਰ ਪਾਰਟੀ ਨੇ ਉਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ। ਜਾਖੜ ਨੇ ਕਿਹਾ ਕਿ ਦਲਬੀਰ ਗੋਲਡੀ ਕਾਂਗਰਸ ਛੱਡ ਕੇ ‘ਆਪ’ ਵਿੱਚ ਚਲਾ ਗਿਆ ਹੈ। ਉਹ ਵੀ ਪੰਜਾਬ ਕਾਂਗਰਸ ਦੇ ਆਗੂਆਂ ਦੀ ਬੋਲ-ਬਾਣੀ ਤੋਂ ਨਾਰਾਜ਼ ਹੋ ਕੇ ਗਿਆ ਹੈ।