ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਨਵੰਬਰ
ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਸਬੰਧੀ ਵੱਖ-ਵੱਖ ਥਾਵਾਂ ’ਤੇ ਸਮਾਗਮ ਹੋਏ ਜਿਨ੍ਹਾਂ ਵਿੱਚ ਕਿਰਤੀ ਕਾਮਿਆਂ ਨੇ ਹਿੱਸਾ ਲਿਆ।
ਬਾਬਾ ਵਿਸ਼ਵਕਰਮਾ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਦੀ ਯਾਦ ਵਿਚ 20ਵਾਂ ਸੂਬਾ ਪੱਧਰੀ ਸਮਾਗਮ ਕੀਤਾ ਗਿਆ। ਇਸ ਵਿੱਚ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਬਾਬਾ ਵਿਸ਼ਵਕਰਮਾ ਐਵਾਰਡ ਨਾਲ ਸਨਮਾਨਿਆ ਗਿਆ। ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਚਰਨਜੀਤ ਸਿੰਘ ਵਿਸ਼ਵਕਰਮਾ, ਸੁਰਜੀਤ ਸਿੰਘ ਲੋਟੇ, ਪ੍ਰਧਾਨ ਰਣਜੀਤ ਸਿੰਘ ਮਠਾੜੂ, ਚੇਅਰਮੈਨ ਅਮਰੀਕ ਸਿੰਘ ਘੜਿਆਲ, ਕਨਵੀਨਰ ਰਣਧੀਰ ਸਿੰਘ ਦਹੇਲੇ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਸਮੇਂ ਸੰਦੀਪ ਵਡੇਰਾ ਏਸੀਪੀ, ਅਮਰਜੀਤ ਸਿੰਘ ਸਿਆਨ, ਬਲਜੀਤ ਸਿੰਘ ਗਹੀਰ, ਗੁਰਚਰਨ ਸਿੰਘ ਜੈਮਕੋ, ਡਾ. ਬਲਵਿੰਦਰ ਸਿੰਘ, ਜਸਵੰਤ ਸਿੰਘ ਛਾਪਾ, ਇੰਦਰਜੀਤ ਸਿੰਘ ਬੱਬੂ, ਜਗਦੇਵ ਸਿੰਘ ਦਹੇਲੇ, ਪਰਮ ਦਿਆਲ ਸਿੰਘ ਮਠਾੜੂ ਅਤੇ ਜਗਦੀਪ ਸਿੰਘ ਲੋਟੇ ਦਾ ਸਨਮਾਨ ਕੀਤਾ ਗਿਆ।
ਰਾਮਗੜ੍ਹੀਆ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਗੁਰ ਸ਼ਬਦ ਪ੍ਰਚਾਰ ਵੱਲੋਂ ਰਾਮਗੜ੍ਹੀਆ ਚੈਰੀਟੇਬਲ ਹਸਪਤਾਲ, ਗਲੀ ਨੰਬਰ 24, ਮੁਹੱਲਾ ਰਾਮ ਨਗਰ ਵਿੱਚ ਹੋਏ ਸਮਾਗਮ ਦੌਰਾਨ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ, ਜਗਦੇਵ ਸਿੰਘ ਗੋਹਲਵੜੀਆ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਜਗਬੀਰ ਸਿੰਘ ਸੋਖੀ, ਪਰਮਿੰਦਰ ਸਿੰਘ ਸੋਮਾ ਅਤੇ ਕੁੰਦਨ ਸਿੰਘ ਨਾਗੀ ਨੂੰ ਪ੍ਰਧਾਨ ਹਰਦਿਆਲ ਸਿੰਘ ਭੰਮਰਾ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਧੰਜਲ, ਅਰਵਿੰਦਰ ਸਿੰਘ ਧੰਜਲ ਤੇ ਸਮੁੱਚੀ ਟੀਮ ਵੱਲੋਂ ਸਨਮਾਨਿਆ ਗਿਆ।
ਮਾਛੀਵਾੜਾ (ਪੱਤਰ ਪ੍ਰੇਰਕ): ਸ੍ਰੀ ਵਿਸ਼ਵਕਰਮਾ ਮੰਦਰ ਸਭਾ ਵੱਲੋਂ ਸਥਾਨਕ ਵਿਸ਼ਵਕਰਮਾ ਮੰਦਰ ਵਿੱਚ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਤੇ ਰਾਜ ਤਿਲਕ ਸਬੰਧੀ ਸਮਾਗਮ ਕਰਵਾਇਆ ਗਿਆ। ਵਿਸ਼ਵਕਰਮਾ ਸਭਾ ਵੱਲੋਂ ਸਥਾਨਕ ਵਿਸ਼ਵਕਰਮਾ ਮੰਦਰ ਵਿਚ ਕਰਵਾਏ ਧਾਰਮਿਕ ਸਮਾਰੋਹ ਵਿੱਚ ਤੜਕੇ ਚਾਰ ਵਜੇ ਮੰਦਰ ਵਿੱਚ ਸਥਿਤ ਮੂਰਤੀਆਂ ਨੂੰ ਇਸ਼ਨਾਨ ਕਰਵਾਏ ਗਏ ਹਵਨ ਯੱਗ ਵਿਚ ਆਹੂਤੀ ਪਾਈ ਗਈ। ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਧਾਰਮਿਕ ਸਮਾਰੋਹ ਦੌਰਾਨ ਵੱਖ-ਵੱਖ ਗਾਇਕਾਂ ਵਲੋਂ ਵਿਸ਼ਵਕਰਮਾ ਦੀ ਮਹਿਮਾ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।
ਕੈਂਪ ਦੌਰਾਨ 55 ਯੂਨਿਟ ਖੂਨ ਇਕੱਤਰ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ ਵੱਲੋਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬਾਬਾ ਜੀ ਮੂਰਤੀ ਦਾ ਇਸ਼ਨਾਨ, ਉਪਰੰਤ ਹਵਨ ਯੱਗ ਅਰੰਭ ਕਰਵਾਉਣ ਦੀ ਰਸਮ ਗੁਰਪ੍ਰੀਤ ਦੇਵਗਨ, ਪੂਰਨ ਅਹੂਤੀ ਪਾਉਣ ਦੀ ਰਸਮ ਬਲਵਿੰਦਰ ਸਿੰਘ ਭਮਰਾ ਅਤੇ ਝੰਡਾ ਲਹਿਰਾਉਣ ਦੀ ਰਸਮ ਟਹਿਲ ਸਿੰਘ ਧੰਜਲ ਨੇ ਅਦਾ ਕੀਤੀ ਗਈ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਸਮੁੱਚੇ ਵਿਸ਼ਵਕਰਮਾ ਵੰਸ਼ੀਆਂ ਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਬੜੀ ਸ਼ਰਧਾ ਤੇ ਭਾਈਚਾਰਕ ਸਾਂਝ ਨਾਲ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਸਮੂਹ ਭਾਈਚਾਰੇ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਆਮ ਆਦਮੀ ਪਾਰਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨਿੱਜੀ ਕੋਟੇ ਵਿੱਚੋਂ ਵੈੱਲਫੇਅਰ ਸਭਾ ਨੂੰ ਇੱਕ ਲੱਖ ਰੁਪਏ ਅਤੇ ਸਰਕਾਰ ਵੱਲੋਂ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਬਲੱਡ ਬੈਂਕ ਸਿਵਲ ਹਸਪਤਾਲ ਖੰਨਾ ਤੋਂ ਆਈ ਟੀਮ ਨੇ ਕੈਂਪ ਦੌਰਾਨ ਕਰੀਬ 55 ਯੂਨਿਟ ਖੂਨ ਇਕੱਤਰ ਕੀਤਾ। ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ ਬੂਟਿਆਂ ਦਾ ਲੰਗਰ ਲਾਇਆ ਗਿਆ। ਅੰਤ ਵਿਚ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਈਓ ਚਰਨਜੀਤ ਸਿੰਘ ਉਭੀ ਆਦਿ ਹਾਜ਼ਰ ਸਨ।