ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਜਨਮ ਦਿਨ ’ਤੇ ਸਮਾਗਮ
ਹਰਦਮ ਮਾਨ
ਸਰੀ: ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਜਨਮ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਸਮਾਗਮ ਸਰੀ ਵਿੱਚ ਕਰਵਾਇਆ ਗਿਆ। ਇਸ ਵਿੱਚ ਇੰਗਲੈਂਡ, ਅਮਰੀਕਾ ਅਤੇ ਭਾਰਤ ਦੇ ਨੁਮਾਇੰਦੇ ਸ਼ਾਮਲ ਹੋਏ। ਸਵੇਰ ਵੇਲੇ ਇਹ ਸਮਾਗਮ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸ੍ਰੀ ਅਖੰਡ ਪਾਠ ਜੀ ਦੀ ਸੰਪੂਰਨਤਾ ਉਪਰੰਤ ਕੀਰਤਨ ਦਰਬਾਰ ਨਾਲ ਸ਼ੁਰੂ ਹੋਇਆ। ਸੰਸਥਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਹਾਜ਼ਰੀਨ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਜਨਮ ਦਿਨ ’ਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਧਾਈ ਪੇਸ਼ ਕੀਤੀ।
ਸਰਬਜੀਤ ਸਿੰਘ ‘ਰਾਮਦਾਸ ਵਾਲੇ’ ਅਤੇ ਇਕਬਾਲ ਸਿੰਘ ‘ਲੁਧਿਆਣੇ ਵਾਲੇ’ ਰਾਗੀ ਜਥਿਆਂ ਨੇ ਕੀਰਤਨ ਰਾਹੀਂ, ਪੁਨੀਤ ਕੌਰ ਜੱਬਲ ਅਤੇ ਜਯਾ ਕੌਰ ਜੱਬਲ ਨੇ ਗੁਰਬਾਣੀ ਗਾਇਨ ਰਾਹੀਂ ਅਤੇ ਭਾਈ ਮਰਦਾਨਾ ਗੁਰਮਤਿ ਸੰਗੀਤ ਅਕੈਡਮੀ ਦੇ ਸੰਚਾਲਕ ਨਰਿੰਦਰ ਸਿੰਘ ਪਨੇਸਰ ਦੀ ਰਹਿਨੁਮਾਈ ਹੇਠ ਮਨਰੀਤ ਕੌਰ, ਹਰਗੁਣ ਕੌਰ, ਪ੍ਰਮਦੀਪ ਕੌਰ, ਕੁਦਰਤ ਕੌਰ, ਸੋਨਲ ਕੌਰ ਤੇ ਜਸਕੀਰਤ ਸਿੰਘ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਬੰਤਾ ਸਿੰਘ ਸੱਭਰਵਾਲ ਨੇ ਆਪਣੀ ਕਵਿਤਾ ਰਾਹੀਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਵਰਨਣ ਕੀਤਾ। ਮੰਗਲ ਸਿੰਘ ਪੱਡਾ ਦੇ ਢਾਡੀ ਜਥੇ ਨੇ ਵਾਰਾਂ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਨੂੰ ਕੀਰਤੀਮਾਨ ਕੀਤਾ। ਸ਼ਾਮ ਦਾ ਸਮਾਗਮ ਬੰਬੇ ਬੈਂਕੁਇਟ ਹਾਲ ਵਿੱਚ ਸ਼ੁਰੂ ਹੋਇਆ।
ਦੋਹਾਂ ਸਮਾਗਮਾਂ ਦੌਰਾਨ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਸਰਪ੍ਰਸਤ ਗਿਆਨ ਸਿੰਘ ਸੰਧੂ ਨੇ ਮਹਾਰਾਜਾ ਜੱਸਾ ਸਿੰਘ ਦੇ ਨਕਸ਼ੇ ਕਦਮਾਂ ’ਤੇ ਚੱਲਣ ਲਈ ਤੇ ਆਪਾ ਤਰਾਸ਼ਣ ਲਈ ਸੁਚੇਤ ਕੀਤਾ। ਜੈਤੇਗ ਸਿੰਘ ਅਨੰਤ ਨੇ ਸਰੋਤਿਆਂ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਿਛਲੇ ਸਾਲਾਂ ਵਿੱਚ ਕੀਤੇ ਕਾਰਜਾਂ ਨਾਲ ਜੋੜਿਆ।
ਰਾਮਗੜ੍ਹੀਆ ਕੌਂਸਲ ਯੂ.ਕੇ. ਦੇ ਮੌਜੂਦਾ ਸਹਾਇਕ ਸਕੱਤਰ, ਸਾਬਕਾ ਪ੍ਰਧਾਨ ਤੇ ਰਾਮਗੜ੍ਹੀਆ ਬੋਰਡ ਲੈਸਟਰ (ਯੂਕੇ) ਦੇ ਜਨਰਲ ਸਕੱਤਰ ਕਿਰਪਾਲ ਸਿੰਘ ਸੱਗੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਤੋਂ ਲੈ ਕੇ ਅੰਤ ਤੱਕ ਦਾ ਸਾਰਾ ਇਤਿਹਾਸ ਸਾਂਝਾ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਅਤੇ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਨੂੰ ਅਕਾਦਮਿਕ ਪੱਖੋਂ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਦਲ ਖਾਲਸਾ ਦੇ ਜ਼ਬਤ ਵਿੱਚ ਰਹਿ ਕੇ ਪੰਥਕ ਏਕਤਾ, ਸ੍ਰੀ ਦਰਬਾਰ ਸਾਹਿਬ ਦੀ ਰਾਖੀ ਅਤੇ ਵੱਡੇ ਘੱਲੂਘਾਰੇ ਸਮੇਂ ਅਬਦਾਲੀ ਨਾਲ ਦੋ ਹੱਥ ਕੀਤੇ ਤੇ ਮੈਦਾਨੇ ਜੰਗ ਵਿੱਚ ਦੋਵੇਂ ਜੱਸਾ ਸਿੰਘ (ਆਹਲੂਵਾਲੀਆ ਤੇ ਰਾਮਗੜ੍ਹੀਆ) ਨੇ ਸਾਂਝੇ ਤੌਰ ’ਤੇ ਅਗਵਾਈ ਕੀਤੀ।
ਰਾਮਗੜ੍ਹੀਆ ਕੌਂਸਲ ਯੂ.ਕੇ. ਦੇ ਲਛਮਨ ਸਿੰਘ ਬੰਮਰਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਅਤੇ 301ਵੇਂ ਸਾਲਾਨਾ ਸਮਾਗਮਾਂ ਦੀ ਪਿੱਠ ਭੂਮੀ ਦੇ ਪ੍ਰਾਜੈਕਟਾਂ ਤੇ ਕੰਮਕਾਜ ’ਤੇ ਰੌਸ਼ਨੀ ਪਾਈ। ਰਾਮਗੜ੍ਹੀਆ ਵਿਸ਼ਵਕਰਮਾ ਫਰੰਟ ਪੰਜਾਬ ਇਕਾਈ ਦੇ ਪ੍ਰਧਾਨ ਤੇ ਚੰਡੀਗੜ੍ਹ ਗਵਰਨਿੰਗ ਕੌਂਸਲ ਦੇ ਮੈਂਬਰ ਮਾਤਾ ਰਾਮ ਧੀਮਾਨ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਰਾਜ ਦੀ ਸੁਰੱਖਿਆ ਲਈ 360 ਕਿਲ੍ਹੇ ਬਣਵਾਏ ਅਤੇ ਅਠਾਰ੍ਹਵੀਂ ਸਦੀ ਦੇ ਕਿਸੇ ਹੋਰ ਮਿਸਲਦਾਰ ਜਾਂ ਰਾਜੇ ਮਹਾਰਾਜੇ ਨੇ ਆਪਣੇ ਜੀਵਨ ਕਾਲ ਵਿੱਚ ਏਨੇ ਕਿਲ੍ਹੇ ਨਹੀਂ ਬਣਵਾਏ।
ਇਸ ਸਮਾਗਮ ਵਿੱਚ ਸ਼ਾਮਲ ਹੋਈਆਂ ਸਿਆਸੀ ਸ਼ਖ਼ਸੀਅਤਾਂ ਵਿਚ ਸੁੱਖ ਧਾਲੀਵਾਲ (ਐੱਮ.ਪੀ. ਸਰੀ-ਨੀਊਟਨ), ਟਿੱਮ ਉੱਪਲ (ਐੱਮ.ਪੀ. ਐਡਮਿੰਟਨ ਮਿਲ-ਵੁੱਡ), ਜਸਰਾਜ ਸਿੰਘ ਹੱਲਣ (ਐੱਮ.ਪੀ. ਕੈਲਗਰੀ ਫਾਰੈੱਸਟ ਲਾਨ), ਜਗਰੂਪ ਬਰਾੜ (ਐੱਮ.ਐੱਲ. ਏੇ.), ਕਿਰਤ ਮੰਤਰੀ ਹੈਰੀ ਬੈਂਸ, ਸਿੱਖਿਆ ਮੰਤਰੀ ਰਚਨਾ, ਜਿਨੀ ਸਿੰਮਜ਼ (ਐੱਮ. ਐੱਲ. ਏੇ.) ਅਤੇ ਸਰੀ ਦੇ ਸਿਟੀ ਕੌਂਸਲਰ ਮਾਈਕ ਬੋਸ ਨੇ ਸਿੱਖ ਕਮਿਊਨਿਟੀ ਵੱਲੋਂ ਅਤੇ ਸਭਾ ਸੁਸਾਇਟੀਆ ਵੱਲੋਂ ਕੈਨੇਡਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ। ਹੈਰੀ ਬੈਂਸ ਅਤੇ ਰਚਨਾ ਸਿੰਘ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਸੰਦੇਸ਼ ਵਾਲੀ ਪਲੈਕ ਪ੍ਰਬੰਧਕਾਂ ਨੂੰ ਭੇਟ ਕੀਤੀ। ਸੰਗੀਤਕਾਰ ਦੀਦਾਰ ਸਿੰਘ ਨਾਮਧਾਰੀ ਤੇ ਪਵਿੱਤਰ ਸਿੰਘ ਮਠਾੜੂ ਨੇ ਭਾਰਤੀ ਰਾਗਾਂ ਦਾ ਪ੍ਰਦਰਸ਼ਨ ਕੀਤਾ। ਲੋਕ ਸਾਜ਼ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਅਤੇ ਢੱਡ ’ਤੇ ਨਵਦੀਪ ਸਿੰਘ ਨੇ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ। ਇੰਗਲੈਂਡ ਤੋਂ ਆਏ ਉੱਘੇ ਕਲਾਕਾਰ ਕੁਲਵੰਤ ਸਿੰਘ ਭੰਮਰਾ ਨੇ ਵੀ ਸਟੇਜ ਤੋਂ ਆਪਣੀ ਹਾਜ਼ਰੀ ਲਵਾਈ। ਅੰਤ ਵਿੱਚ ਇੰਗਲੈਂਡ, ਅਮਰੀਕਾ ਤੇ ਭਾਰਤ ਤੋਂ ਆਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ ਚਾਨਾ, ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ, ਪਬਲਿਕ ਰਿਲੇਸ਼ਨ ਸਤੱਕਰ ਸੁਰਿੰਦਰ ਸਿੰਘ ਜੱਬਲ, ਸਾਬਕਾ ਪ੍ਰਧਾਨ ਧਰਮ ਸਿੰਘ ਪਨੇਸਰ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੋਵੇਂ ਸਮਾਗਮਾਂ ਦਾ ਸੰਚਾਲਨ ਸੁਰਿੰਦਰ ਸਿੰਘ ਜੱਬਲ ਨੇ ਕੀਤਾ।
ਸ਼ਾਇਰ ਜਸਵਿੰਦਰ ਨੂੰ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਦੇਣ ਦਾ ਐਲਾਨ
ਸਰੀ: ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਇਸ ਸਾਲ ਦਾ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ 15 ਜੂਨ 2024 ਨੂੰ ਸਭਾ ਵੱਲੋਂ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿੱਚ ਕਰਵਾਏ ਜਾ ਰਹੇ ਆਪਣੇ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ।
ਜਸਵਿੰਦਰ ਨੂੰ ਇਸ ਸਨਮਾਨ ਲਈ ਚੁਣੇ ਜਾਣ ’ਤੇ ਸਰੀ, ਵੈਨਕੂਵਰ ਖੇਤਰ ਦੇ ਸਾਹਿਤਕਾਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੱਤੀ। ਇਨ੍ਹਾਂ ਵਿੱਚ ਡਾ. ਸਾਧੂ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਕ੍ਰਿਸ਼ਨ ਭਨੋਟ, ਦਸਮੇਸ਼ ਗਿੱਲ ਫ਼ਿਰੋਜ਼, ਗੁਰਮੀਤ ਸਿੱਧੂ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਸੁਰਿੰਦਰ ਚਾਹਲ, ਸੁਖਵਿੰਦਰ ਸਿੰਘ ਚੋਹਲਾ, ਰਣਧੀਰ ਢਿੱਲੋਂ, ਗੁਰਚਰਨ ਟੱਲੇਵਾਲੀਆ, ਡਾ. ਸੁਖਵਿੰਦਰ ਵਿਰਕ ਅਤੇ ਨਵਰੂਪ ਸਿੰਘ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਜਸਵਿੰਦਰ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵਡੇਰਾ ਐਵਾਰਡ ਹਾਸਲ ਹੋਣ ਦਾ ਫ਼ਖ਼ਰ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2012 ਲਈ ਉਸ ਨੂੰ ਸ਼ਰੋਮਣੀ ਸਾਹਿਤਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਹਿਤਕ ਐਵਾਰਡ, ਮਾਣ ਸਨਮਾਨ ਉਸ ਦੀ ਸ਼ਾਇਰੀ ਦੇ ਹਿੱਸੇ ਆਏ ਹਨ। ਜਸਵਿੰਦਰ ਮੁੱਖ ਤੌਰ ’ਤੇ ਗ਼ਜ਼ਲ ਲਿਖਦਾ ਹੈ ਅਤੇ ਉਸ ਦੀਆਂ ਗ਼ਜ਼ਲਾਂ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ-‘ਕਾਲੇ ਹਰਫ਼ਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’। ਜਸਵਿੰਦਰ ਦੀ ਸ਼ਾਇਰੀ ਨਵੀਂ ਪੰਜਾਬੀ ਗ਼ਜ਼ਲ ਵਿੱਚ ਆਪਣਾ ਮਿਆਰੀ ਮੁਕਾਮ ਰੱਖਦੀ ਹੈ।
ਪੰਜਾਬੀ ਸ਼ਾਇਰ ਰਾਜਦੀਪ ਤੂਰ ਨਾਲ ਵਿਸ਼ੇਸ਼ ਮਿਲਣੀ
ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਜਗਰਾਓਂ (ਪੰਜਾਬ) ਤੋਂ ਆਏ ਸ਼ਾਇਰ ਰਾਜਦੀਪ ਤੂਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਮੰਚ ਦੇ ਸਕੱਤਰ ਦਵਿੰਦਰ ਗੌਤਮ ਨੇ ਮੰਚ ਵੱਲੋਂ ਰਾਜਦੀਪ ਤੂਰ ਦਾ ਸਵਾਗਤ ਕੀਤਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਦਵਿੰਦਰ ਨੇ ਦੱਸਿਆ ਕਿ ਰਾਜਦੀਪ ਤੂਰ ਪੰਜਾਬੀ ਦਾ ਪਿਆਰਾ ਸ਼ਾਇਰ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਤੂਰ ਨੂੰ ਲਿਖਣ ਦੀ ਚੇਟਕ ਆਪਣੇ ਪਿਤਾ ਤੋਂ ਲੱਗੀ। ਰਾਜਦੀਪ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹੈ। ਉਸ ਦੀਆਂ ਗ਼ਜ਼ਲਾਂ ਉਸ ਦੀ ਸਮਾਜਿਕ ਚੇਤਨਤਾ ਨੂੰ ਬਾਖੂਬੀ ਦਰਸਾਉਂਦੀਆਂ ਹਨ।
ਰਾਜਦੀਪ ਤੂਰ ਨੇ ਆਪਣੇ ਸਾਹਿਤਕ ਸਫ਼ਰ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਇੱਕ ਗ਼ਜ਼ਲ ਸੰਗ੍ਰਹਿ ‘ਰੂਹ ਵੇਲਾ’ ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਹ ਗ਼ਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਛਪ ਚੁੱਕਿਆ ਹੈ। ਇਸ ਤੋਂ ਇਲਾਵਾ ਕਈ ਸਾਂਝੀਆਂ ਕਾਵਿ-ਪੁਸਤਕਾਂ ਵਿੱਚ ਵੀ ਉਸ ਦੀਆਂ ਰਚਨਾਵਾਂ ਸ਼ਾਮਲ ਹਨ। ਇਸ ਮੌਕੇ ਉਸ ਨੇ ਆਪਣੀਆਂ ਕੁਝ ਗ਼ਜ਼ਲਾਂ ਮੰਚ ਦੇ ਸ਼ਾਇਰਾਂ ਨਾਲ ਸਾਂਝੀਆਂ ਕੀਤੀਆਂ।
ਰਾਜਦੀਪ ਨੇ ਆਪਣੇ ਮਰਹੂਮ ਪਿਤਾ ਰਾਜਿੰਦਰ ਰਾਜ਼ ਸਵੱਦੀ ਦੇ ਕਹਾਣੀ ਸੰਗ੍ਰਹਿ ‘ਜ਼ਿੰਦਗੀ ਵਿਕਦੀ ਨਹੀਂ’ ਨੂੰ ਮੁੜ ਪ੍ਰਕਾਸ਼ਿਤ ਕਰਨ ਬਾਰੇ ਵੀ ਗੱਲਬਾਤ ਸਾਂਝੀ ਕੀਤੀ ਅਤੇ ਇਸ ਮੌਕੇ ਇਹ ਕਿਤਾਬ ਗ਼ਜ਼ਲ ਮੰਚ ਦੇ ਮੈਂਬਰਾਂ ਵੱਲੋਂ ਰਿਲੀਜ਼ ਕੀਤੀ ਗਈ। ਇਸੇ ਤਰ੍ਹਾਂ ਮੰਚ ਦੇ ਮੈਂਬਰਾਂ ਕੋਲ ਪਹੁੰਚੀ ਸੁਰਿੰਦਰਪ੍ਰੀਤ ਘਣੀਆ ਬਾਰੇ ਪ੍ਰਕਾਸ਼ਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆ ਦੀ ਗ਼ਜ਼ਲ ਚੇਤਨਾ’ ਵੀ ਮੰਚ ਵੱਲੋਂ ਰਿਲੀਜ਼ ਕੀਤੀ ਗਈ। ਇਸ ਸਾਹਿਤਕ ਇਕੱਤਰਤਾ ਦੌਰਾਨ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ ਫਿਰੋਜ਼, ਗੁਰਮੀਤ ਸਿੱਧੂ ਅਤੇ ਬਿੰਦੂ ਮਠਾੜੂ ਮੌਜੂਦ ਸਨ।
ਸੰਪਰਕ: 1 604 308 6663
ਇਪਸਾ ਵੱਲੋਂ ਕਾਰਜਕਾਰਨੀ ਕਮੇਟੀ ਦੀ ਚੋਣ
ਸਰਬਜੀਤ ਸਿੰਘ
ਬ੍ਰਿਸਬੇਨ: ਆਸਟਰੇਲੀਆ ਦੀ ਸੰਸਥਾ ਇਪਸਾ ਵੱਲੋਂ ਸਾਲ 2024-25 ਲਈ 21 ਮੈਂਬਰੀ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਹੀ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਕੀਤੀ ਗਈ। ਸਥਾਨਕ ਬਾਜਵਾ ਨਿਵਾਸ ਬਰੁਕ-ਵਾਟਰ ਵਿਖੇ ਦੋਵਾਂ ਸੰਸਥਾਵਾਂ ਦੇ ਸਾਂਝੇ ਸਰਪ੍ਰਸਤ ਬਿਕਰਮਜੀਤ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਸੰਸਥਾ ਦੇ ਨਵੇਂ ਢਾਂਚੇ ਨੂੰ ਪ੍ਰਵਾਨਗੀ ਦਿੰਦਿਆਂ, ਇਪਸਾ ਦੀਆਂ ਖੇਡ ਗਤੀਵਿਧੀਆਂ ਲਈ ਅਲੱਗ ਅਕਾਦਮੀ ਚਲਾਉਣ ਦਾ ਫ਼ੈਸਲਾ ਲਿਆ। ਇਸ ਦੌਰਾਨ ਇਪਸਾ ਦੇ ਸਾਲਾਨਾ ਬਜਟ ਨੂੰ ਪਾਸ ਕੀਤਾ ਗਿਆ ਅਤੇ ਕੁਝ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ।
ਸਰਬਸੰਮਤੀ ਨਾਲ ਇੰਡੋਜ਼ ਪੰਜਾਬੀ ਸਪੋਰਟਸ ਅਕਾਦਮੀ ਆਫ ਆਸਟਰੇਲੀਆ ਦਾ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ, ਮੀਤ ਪ੍ਰਧਾਨ ਪਿੰਦਰਜੀਤ ਸਿੰਘ ਬਾਜਵਾ ਅਤੇ ਕਮਲਦੀਪ ਸਿੰਘ ਬਾਜਵਾ, ਸੈਕਟਰੀ ਜਸਪਾਲ ਸੰਘੇੜਾ, ਸੁਪਰਵਾਈਜ਼ਰ ਜਸਕਰਨ ਸੰਘੇੜਾ, ਕੋਆਰਡੀਨੇਟਰ ਸ਼ਮਸ਼ੇਰ ਸਿੰਘ ਚੀਮਾ, ਖ਼ਜ਼ਾਨਚੀ ਗੁਰਜੀਤ ਸਿੰਘ ਉੱਪਲ, ਸਪੋਕਸਮੈਨ ਗੁਰਵਿੰਦਰ ਸਿੰਘ ਖੱਟੜਾ, ਸਮਾਜਿਕ ਸਲਾਹਕਾਰ ਅਸ਼ਵਨੀ ਬਜ਼ਰਾ ਅਤੇ ਯੋਜਨਾ ਮੈਨੇਜਰ ਗੁਰਜੀਤ ਬਾਰੀਆ ਨੂੰ ਚੁਣਿਆ ਗਿਆ।
ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਦਾ ਰੁਪਿੰਦਰ ਸੋਜ਼ ਨੂੰ ਪ੍ਰਧਾਨ ਚੁਣਿਆ ਗਿਆ। ਮਨਜੀਤ ਬੋਪਾਰਾਏ ਅਤੇ ਪਾਲ ਰਾਊਕੇ ਨੂੰ ਮੀਤ ਪ੍ਰਧਾਨ, ਸਰਬਜੀਤ ਸੋਹੀ ਨੂੰ ਸੈਕਟਰੀ, ਸੁਖਮੰਦਰ ਸਿੰਘ ਸੰਧੂ ਨੂੰ ਸੁਪਰਵਾਈਜ਼ਰ, ਅਰਸ਼ਦੀਪ ਦਿਓਲ ਨੂੰ ਖ਼ਜ਼ਾਨਚੀ, ਗੁਰਦੀਪ ਜਗੇੜਾ ਨੂੰ ਸਪੋਕਸਮੈਨ, ਚਰਨਜੀਤ ਕਾਹਲੋਂ ਨੂੰ ਸਮਾਜਿਕ ਸਲਾਹਕਾਰ ਅਤੇ ਭਿੰਦਰ ਸਿੰਘ ਜਟਾਣਾ ਨੂੰ ਯੋਜਨਾ ਮੈਨੇਜਰ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਇੰਚਾਰਜ ਦਲਵੀਰ ਹਲਵਾਰਵੀ ਨੂੰ ਇਪਸਾ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਇਪਸਾ ਸੀਨੀਅਰ ਗਿੱਧਾ ਟੀਮ ਦੇ ਨਾਲ ਬੱਚਿਆਂ ਨੂੰ ਗਿੱਧਾ-ਭੰਗੜਾ ਸਿਖਾਉਣ ਲਈ ਹਫ਼ਤਾਵਰੀ ਵਿਸ਼ੇਸ਼ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਵਿੱਖ ਵਿੱਚ ਸੱਭਿਆਚਾਰਕ ਗਤੀਵਿਧੀਆਂ ਅਤੇ ਮਾਤ-ਭਾਸ਼ਾ ਦੀਆਂ ਜਮਾਤਾਂ ਲਈ ਅਲੱਗ ਕਲਚਰ ਅਕਾਦਮੀ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਅੰਤ ਵਿੱਚ ਇਪਸਾ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਚੰਦੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ, ਇਪਸਾ ਦੀਆਂ ਸਾਹਿਤਕ, ਸੱਭਿਆਚਾਰਕ, ਸਪੋਰਟਸ ਅਤੇ ਸਮਾਜਿਕ ਗਤੀਵਿਧੀਆਂ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਣ ਲਈ ਪ੍ਰਤੀਬੱਧ ਰਹਿਣ ਦਾ ਵਿਸ਼ਵਾਸ ਦਿਵਾਇਆ।