ਕਰਵਾ ਚੌਥ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਕਤੂਬਰ
ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਵਾਰ ਫਿਰ ਬਾਜ਼ਾਰਾਂ ਵਿੱਚ ਰੌਣਕਾਂ ਲੱਗ ਗਈਆਂ ਹਨ। ਇਸ ਮੌਕੇ ਕਰਵਾ ਚੌਥ ਦੇ ਤਿਉਹਾਰ ਦੀਆਂ ਸੁਆਣੀਆਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਵਾਲੀਆਂ ਅਤੇ ਮਹਿੰਦੀ ਲਗਵਾਉਣ ਵਾਲੀਆਂ ਔਰਤਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲਦੀ ਰਹੀ ਹੈ। ਸਭ ਤੋਂ ਵੱਧ ਭੀੜ ਮਹਿੰਦੀ ਵਾਲੇ ਸਟਾਲਾਂ ’ਤੇ ਰਹੀ ਹੈ। ਪੌਸ਼ ਇਲਾਕਿਆਂ ਵਿੱਚ ਤਾਂ ਬਾਹਰੀ ਸੂਬਿਆਂ ਤੋਂ ਆਏ ਆਰਟਿਸਟਾਂ ਵੱਲੋਂ ਖਾਸ ਤਰੀਕੇ ਨਾਲ ਮਹਿੰਦੀ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬਿਊਟੀ ਪਾਰਲਰ ਤੇ ਕੱਪੜੇ ਵਾਲੀਆਂ ਦੁਕਾਨਾਂ ’ਤੇ ਵੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਸ਼ਹਿਰ ਦੇ ਕਿੱਪਸ ਮਾਰਕੀਟ, ਘੁਮਾਰ ਮੰਡੀ, ਮਾਡਲ ਟਾਊਨ, ਦੁਗਰੀ, ਚੰਡੀਗੜ੍ਹ ਰੋਡ, ਹੈਬੋਵਾਲ ਵਰਗੇ ਕਈ ਇਲਾਕਿਆਂ ਵਿੱਚ ਲੋਕਾਂ ਦੀ ਖਰੀਦਦਾਰੀ ਲਈ ਭੀੜ ਲੱਗੀ ਰਹੀ। ਕਿੱਪਸ ਮਾਰਕੀਟ ਵਿੱਚ ਗੁਜਰਾਤ ਤੋਂ ਆਏ ਆਰਟਿਸਟ ਤੋਂ ਮਹਿੰਦੀ ਲਗਾਉਂਦੀ ਹੋਈ ਨੇਹਾ ਨੇ ਦੱਸਿਆ ਕਿ ਇਸ ਵਾਰ ਮਹਿੰਦੀ ਦੇ ਕਈ ਡਿਜ਼ਾਈਨ ਨਵੇਂ ਆਏ ਹਨ, ਜਿਸ ਵਿੱਚ ਮੂਰਤੀਆਂ ਬਣਾਉਣ ਤੇ ਨਾਮ ਲਿਖਵਾਉਣ ਦੇ ਡਿਜ਼ਾਈਨ ਸ਼ਾਮਲ ਹਨ। ਉਸ ਨੇ ਦੱਸਿਆ ਕਿ ਮਹਿੰਦੀ ਆਰਟਿਸਟ 1100 ਤੋਂ 5000 ਰੁਪਏ ਤੱਕ ਮਹਿੰਦੀ ਦਾ ਰੇਟ ਲੈ ਰਹੇ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਰਵਾ ਚੌਥ ਦੇ ਗਿਫਟ ਤੇ ਹੋਰ ਸਾਮਾਨ ਦੇਣਾ ਹੈ, ਉਨ੍ਹਾਂ ਦੀ ਭੀੜ ਵੀ ਬਾਜ਼ਾਰ ਵਿੱਚ ਰਹੀ। ਹਲਵਾਈ ਦੀਆਂ ਦੁਕਾਨਾਂ, ਫਰੂਟ ਦੀਆਂ ਦੁਕਾਨਾਂ ਤੇ ਗਿਫਟ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਨੇ ਕਾਫ਼ੀ ਖਰੀਦਦਾਰੀ ਕੀਤੀ।